
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ‘ਮਾਤ ਭਾਸ਼ਾ ਦਿਵਸ’ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ, ਸਲੋਗਨ ਲਿਖਤ, ਕਵਿਤਾਵਾਂ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਆਪਣੀ ਸੁੰਦਰ ਕਲਾ ਰਾਹੀਂ ਆਪਣੀ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਦਾ ਗਾਇਨ ਕੀਤਾ ਅਤੇ ਬਹੁਤ ਹੀ ਸੁੰਦਰ ਚਿੱਤਰ ਬਣਾ ਕੇ ਆਪਣੀ ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਮਾਤ ਭਾਸ਼ਾ ਦਿਵਸ ਨਾਲ ਸਬੰਧਤ ਵਿਦਿਆਰਥੀਆਂ ਨੇ ਬਹੁਤ ਹੀ ਖ਼ੂਬਸੂਰਤ ਪੋਸਟਰ ਬਣਾਏ ਗਏ। ਜਿਨ੍ਹਾਂ ਰਾਹੀਂ ਉਨ੍ਹਾਂ ਨੇ ਆਪਣੀ ਮਾਤ ਭਾਸ਼ਾ ਦਾ ਆਦਰ ਤੇ ਸਤਿਕਾਰ ਪੇਸ਼ ਕੀਤਾ ਅਤੇ ਮਾਤ ਭਾਸ਼ਾ ਨੂੰ ਜਿਊਂਦਾ ਰੱਖਣ ਦਾ ਵਡਮੁੱਲਾ ਸੰਦੇਸ਼ ਵੀ ਦਿੱਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਮਾਤ ਭਾਸ਼ਾ ਨਾਲ ਸਬੰਧਤ ਸੁੰਦਰ ਕਵਿਤਾਵਾਂ ਅਤੇ ਤੁਕਾਂ ਦੀ ਪੇਸ਼ਕਾਰੀ ਰਾਹੀਂ ਅਨੰਦਮਈ ਵਾਤਾਵਰਨ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਤਸਵੀਰਾਂ, ਪੋਸਟਰਾਂ ਨੂੰ ਦੇਖ ਕੇ ਸਾਰੇ ਦਰਸ਼ਕ ਹੈਰਾਨ ਰਹਿ ਗਏ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਅਤੇ ਸਕੂਲ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵਿਦਿਆਰਥੀਆਂ ਦੀ ਇਨ੍ਹਾਂ ਸੁੰਦਰ ਕਲਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਦੇ ਮਹੱਤਵ ਨੂੰ ਸਮਝਣ ਅਤੇ ਆਪਣੀ ਮਾਂ-ਬੋਲੀ ਨੂੰ ਬਣਦਾ ਸਤਿਕਾਰ ਦੇਣ ਲਈ ਪ੍ਰੇਰਿਆ ਤਾਂ ਜੋ ਸਕੂਲੀ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖਿਆ ਜਾ ਸਕੇ।