
ਮਾਂ-ਬੋਲੀ: ਵਿਸ਼ਵ-ਵਿਆਪੀ ਪੰਜਾਬੀਆਂ ਦੇ ਇਕੱਠ ਲਈ ਤਿਆਰੀਆਂ ਜ਼ੋਰਾਂ ’ਤੇ
ਓਨਟਾਰੀਓ ਫਰੈਂਡਜ਼ ਕਲੱਬ ਵੱਲੋਂ ਅੰਤਰਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ
ਬਰੈਂਪਟਨ ਵਿੱਚ ਹੋ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ ’ਚ ਮਾਹਰ ਪਾਉਣਗੇ ਵਿਚਾਰਾਂ ਦੀ ਸਾਂਝ: ਕੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਓਨਟਾਰੀਓ ਫਰੈਂਡਜ਼ ਕਲੱਬ ਕਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਤੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਨੇ ਵਿਸ਼ਵ-ਵਿਆਪੀ ਸੰਸਥਾ ਦਾ ਘੇਰਾ ਵਿਸ਼ਾਲ ਕਰਨ ਦੇ ਮੰਤਵ ਨਾਲ ਵੱਖ-ਵੱਖ ਮੁਲਕਾਂ ਦੇ ਅਹੁਦੇਦਾਰਾਂ ਦੀ ਨਿਯੁਕਤੀਆਂ ਕੀਤੀਆਂ ਹਨ। ਅੱਜ ਇੱਥੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਅਹੁਦੇਦਾਰਾਂ ਵਿੱਚ ਗੁਰਮੇਲ ਕੌਰ ਸੰਘਾ ਨੂੰ ਓਨਟਾਰੀਓ ਫਰੈਂਡਜ਼ ਕਲੱਬ ਵਰਲਡ ਪੰਜਾਬੀ ਕਾਨਫ਼ਰੰਸ-2023 ਯੂਨਾਈਟਿਡ ਕਿੰਗਡਮ (ਯੂਕੇ) ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਸੰਘਾ ਗਾਇਕਾ ਤੇ ਕਵਿੱਤਰੀ/ਗੀਤਕਾਰਾ ਹਨ ਅਤੇ ਸਮਾਜਿਕ ਸਰੋਕਾਰਾਂ ਵਾਲੇ 5 ਤੋਂ ਵੱਧ ਗੀਤ ਗਾ ਚੁੱਕੇ ਹਨ।
ਸ੍ਰੀਮਤੀ ਸੰਘਾ ਉੱਘੇ ਪੰਜਾਬੀ ਪ੍ਰੇਮੀ ਹਨ ਅਤੇ ਮਾਂ-ਬੋਲੀ ਦੇ ਪਸਾਰੇ ਲਈ ਵੱਡੇ ਉੱਦਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਓਨਟਾਰੀਓ ਫਰੈਂਡਜ਼ ਕਲੱਬ ਨੇ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਹੈ। ਇਸੇ ਤਰ੍ਹਾਂ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਸਤਵਿੰਦਰ ਸਿੰਘ ਧੜਾਕ ਨੂੰ ਕੌਮਾਂਤਰੀ ਮੀਡੀਆ ਡਾਇਰੈਕਟਰ ਅਤੇ ਉੱਘੀ ਕਵਿੱਤਰੀ ਸ੍ਰੀਮਤੀ ਅੰਜੂ ਅਮਨਦੀਪ ਗਰੋਵਰ ਨੂੰ ਪਬਲਿਕ ਰਿਲੇਸ਼ਨ ਅਫ਼ਸਰ ਥਾਪਿਆ ਗਿਆ ਹੈ।
ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਬਰੈਂਪਟਨ ਵਿੱਚ ਜੂਨ ਮਹੀਨੇ ਹੋ ਰਹੀ 8ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜਿਸ ਵਿੱਚ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਉੱਘੇ ਵਿਦਵਾਨ ਤੇ ਵਿਸ਼ਾ ਮਾਹਰ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਜਿਨ੍ਹਾਂ ਵਿੱਚ ਦੋ ਚਾਂਸਲਰ ਤੇ 6 ਵਾਈਸ ਚਾਂਸਲਰਾਂ ਸਮੇਤ ਨਾਮੀ ਯੂਨੀਵਰਸਿਟੀਆਂ ਅਤੇ ਸਿਆਸੀ ਤੇ ਫ਼ਿਲਮੀ ਹਸਤੀਆਂ ਸ਼ਿਰਕਤ ਕਰਨਗੇ।
ਸ੍ਰੀ ਕੰਗ ਨੇ ਦੱਸਿਆ ਕਿ ਪਾਕਿਸਤਾਨ ਤੇ ਭਾਰਤ ਤੋਂ ਬਾਅਦ ਹੁਣ ਕੈਨੇਡਾ ਵਿੱਚ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ ਅਤੇ ਪਿਛਲੇ ਪੰਜ ਸਾਲਾਂ ਵਿੱਚ 49 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇੰਜ ਹੀ ਅਸਟ੍ਰੇਲੀਆ ਵਿੱਚ ਪੰਜਾਬੀ ਇਸੇ ਸਾਲ ਸਕੂਲੀ ਸਿੱਖਿਆ ਦੀ ਭਾਸ਼ਾ ਬਣ ਗਈ ਹੈ। ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਪੰਜਾਬੀਆਂ ਨੇ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਵੱਡੇ ਝੰਡੇ ਗੱਡੇ ਹਨ। ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਅਹੁਦੇਦਾਰ ਸੰਸਥਾ ਨਾਲ ਮਿਲਕੇ ਹੁਣ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਦੱਸਿਆ ਕਿ ਇਹ ਵਿਸ਼ਵ ਦੀ ਇੱਕੋ-ਇੱਕ ਗ਼ੈਰ-ਲਾਭਕਾਰੀ ਅਤੇ ਚੈਰੀਟੇਬਲ ਸੰਸਥਾ ਹੈ। ਇਸ ਦਾ ਮੁੱਖ ਮੰਤਵ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਦੇ ਨਾਲ-ਨਾਲ ਸਿਹਤ-ਸਹੂਲਤਾਂ ਅਤੇ ਸਮਾਜਿਕ ਪਹਿਲੂਆਂ ’ਤੇ ਨਜ਼ਰਸਾਨੀ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ।