Nabaz-e-punjab.com

ਮੋਟਰ ਮਾਰਕੀਟ ਦੇ ਮਕੈਨਿਕਾਂ ਵੱਲੋਂ ਗਮਾਡਾ ਭਵਨ ਦੇ ਬਾਹਰ ਵਿਸ਼ਾਲ ਧਰਨਾ, ਨਾਅਰੇਬਾਜ਼ੀ ਕੀਤੀ

ਮਕੈਨਿਕਾਂ ਵੱਲੋਂ ਗਮਾਡਾ ਅਧਿਕਾਰੀਆਂ ਨੂੰ ਇਨਸਾਫ਼ ਪ੍ਰਾਪਤੀ ਲਈ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ, 4 ਦਿਨ ਦਾ ਅਲਟੀਮੇਟਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਇੱਥੋਂ ਦੇ ਪੁਰਾਣੇ ਮੁਹਾਲੀ ਪਿੰਡ ਦੇ ਬਾਹਰਵਾਰ ਮੁੱਖ ਸੜਕ ਦੇ ਦੋਵੇਂ ਪਾਸੇ ਵਸੀ ਅਣਅਧਿਕਾਰਤ ਕਮਲਾ ਮੋਟਰ ਦੇ ਮਕੈਨਿਕਾਂ ਨੇ ਵੀਰਵਾਰ ਨੂੰ ਸੀਨੀਅਰ ਅਕਾਲੀ ਆਗੂ ਅਤੇ ਮੋਟਰ ਮਾਰਕੀਟ ਦੇ ਪ੍ਰਧਾਨ ਅਮਨਦੀਪ ਸਿੰਘ ਆਬਿਆਨਾ ਦੀ ਅਗਵਾਈ ਹੇਠ ਗਮਾਡਾ ਭਵਨ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਗਿਆ। ਮੀਂਹ ਪੈਣ ਕਾਰਨ ਕੁਝ ਸਮੇਂ ਬਾਅਦ ਮਕੈਨਿਕਾਂ ਨੇ ਭਾਵੇਂ ਆਪਣਾ ਧਰਨਾ ਚੁੱਕ ਲਿਆ ਸੀ ਪ੍ਰੰਤੂ ਉਨ੍ਹਾਂ ਗਮਾਡਾ ਅਧਿਕਾਰੀ ਨੂੰ ਸਖ਼ਤ ਚਿਤਾਵਨੀ ਦਿੱਤੀਆਂ ਇਨਸਾਫ਼ ਪ੍ਰਾਪਤੀ ਲਈ ਸੋਮਵਾਰ ਨੂੰ ਧਰਨਾ ਦੇਣ ਅਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਆਬਿਆਨਾ ਨੇ ਕਿਹਾ ਕਿ ਬੀਤੇ ਦਿਨ ਨਗਰ ਨਿਗਮ ਦੀ ਟੀਮ ਵੱਲੋਂ ਕਮਲਾ ਮੋਟਰ ਮਾਰਕੀਟ ਵਿੱਚ ਕਾਰਵਾਈ ਕਰਕੇ ਉੱਥੇ ਕੰਮ ਕਰਦੇ ਵੱਡੀ ਗਿਣਤੀ ਮਕੈਨਿਕਾਂ ਦੀਆਂ ਟੂਲ ਪੇਟੀਆਂ ਆਦਿ ਚੁੱਕ ਲਈਆਂ ਗਈਆਂ ਹਨ ਜਿਸ ਕਾਰਨ ਇਹ ਮਕੈਨਿਕ ਬੇਰੁਜ਼ਗਾਰ ਹੋ ਗਏ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਫਰਵਰੀ ਮਹੀਨੇ ਵਿੱਚ ਗਮਾਡਾ ਨੇ ਇਸ ਮਾਰਕੀਟ ਵਿੱਚ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਗਮਾਡਾ ਦੇ ਸੀਏ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਮੋਟਰ ਮਕੈਨਿਕਾਂ ਨੂੰ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ ਪਰ ਇਸ ਮੰਗ ਸਬੰਧੀ ਗਮਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਫ਼ੀ ਸਮਾਂ ਪਹਿਲਾਂ ਇਸ ਮਾਰਕੀਟ ਵਿੱਚ ਕੰਮ ਕਰਦੇ ਮਕੈਨਿਕਾਂ ਨੂੰ ਦੁਕਾਨਾਂ ਦੇਣ ਲਈ ਗਮਾਡਾ ਵੱਲੋਂ ਸਰਵੇਖਣ ਕੀਤਾ ਗਿਆ ਸੀ ਅਤੇ ਇਨ੍ਹਾਂ ਮਕੈਨਿਕਾਂ ਨੂੰ ਗਮਾਡਾ ਵੱਲੋਂ ਦੁਕਾਨਾਂ ਦੇਣ ਬਾਰੇ ਕਿਹਾ ਗਿਆ ਸੀ, ਜਿਸ ਕਰਕੇ ਮਕੈਨਿਕਾਂ ਨੇ ਦੁਕਾਨਾਂ ਦੀ ਕੀਮਤ ਦੇ 10 ਫੀਸਦੀ ਪੈਸੇ ਗਮਾਡਾ ਕੋਲ ਸਾਲ 2017 ਵਿੱਚ ਜਮਾਂ ਕਰਵਾ ਦਿੱਤੇ ਸਨ ਪਰ ਅਜੇ ਤੱਕ ਇਸ ਮਾਰਕੀਟ ਦੇ ਮਕੈਨਿਕਾਂ ਨੂੰ ਦੁਕਾਨਾਂ ਨਹੀਂ ਮਿਲੀਆਂ, ਜਿਸ ਕਰਕੇ ਇਹ ਮਕੈਨਿਕ ਸੜਕ ’ਤੇ ਰਿਪੇਅਰ ਦਾ ਕੰਮ ਕਰਨ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਇਸ ਮਾਰਕੀਟ ਵਿੱਚ 50-60 ਦੁਕਾਨਾਂ ਹਨ ਅਤੇ 70 ਦੇ ਕਰੀਬ ਮਕੈਨਿਕਾਂ ਦੀਆਂ ਪੇਟੀਆਂ, ਟੂਲ ਬਾਕਸ ਆਦਿ ਰੱਖੇ ਹੋਏ ਸਨ ਜੋ ਕਿ ਨਗਰ ਨਿਗਮ ਦੀ ਟੀਮ ਵੱਲੋਂ ਚੁੱਕ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਮਕੈਨਿਕਾਂ ਨੂੰ ਪੇਟੀਆਂ ਅਤੇ ਟੂਲ ਬਾਕਸ ਰੱਖ ਕੇ ਕੰਮ ਨਹੀਂ ਕਰਨ ਦੇਣਾ ਤਾਂ ਉਨ੍ਹਾਂ ਨੂੰ ਜਲਦੀ ਦੁਕਾਨਾਂ ਬਣਾ ਕੇ ਦੇਣੀਆਂ ਚਾਹੀਦੀਆਂ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੋਮਵਾਰ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੋਮਵਾਰ ਨੂੰ ਗਮਾਡਾ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਮਰਨ ਵਰਤ ਸ਼ੁਰੂ ਕਰ ਦੇਣਗੇ। ਇਸ ਮੌਕੇ ਕਮਲਾ ਮੋਟਰ ਮਾਰਕੀਟ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬੰਟੀ, ਸਕੱਤਰ ਹਰਦੇਵ ਸਿੰਘ, ਕੈਸ਼ੀਅਰ ਅਮਿਤ ਕੁਮਾਰ ਕਾਂਸਲ, ਮੋਟਰ ਮਾਰਕੀਟ ਫੇਜ਼-7 ਦੇ ਪ੍ਰਧਾਨ ਕਰਮ ਚੰਦ ਸ਼ਰਮਾ, ਜਨਰਲ ਸਕੱਤਰ ਦੀਪ ਧੀਮਾਨ, ਲਲਿਤ ਸ਼ਰਮਾ, ਸਤਨਾਮ ਸੈਣੀ, ਰਜਿੰਦਰ ਕੁਮਾਰ, ਰਣਜੀਤ ਸਿੰਘ ਅਤੇ ਹੋਰ ਮਕੈਨਿਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …