Share on Facebook Share on Twitter Share on Google+ Share on Pinterest Share on Linkedin ਮੋਟਰ ਮਾਰਕੀਟ ਦੇ ਦੁਕਾਨਦਾਰਾਂ ਤੇ ਮਕੈਨਿਕਾਂ ਵੱਲੋਂ ਸੜਕ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਮੁਹਾਲੀ ਪ੍ਰਸ਼ਾਸਨ ਵੱਲੋਂ ਸੜਕ ਕਿਨਾਰੇ ਗਰਿੱਲਾਂ ਲਗਾਏ ਜਾਣ ਵਿਰੁੱਧ ਸੜਕ ’ਤੇ ਉਤਰੇ ਦੁਕਾਨਦਾਰ ਅਤੇ ਮਕੈਨਿਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ: ਇੱਥੋਂ ਦੇ ਪੁਰਾਣਾ ਮੁਹਾਲੀ ਪਿੰਡ ਦੇ ਬਾਹਰਵਾਰ ਮੋਟਰ ਮਾਰਕੀਟ ਵਿੱਚ ਕੰਮ ਕਰਦੇ ਮੋਟਰ ਮਕੈਨਿਕਾਂ ਅਤੇ ਦੁਕਾਨਦਾਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਮੁਹਾਲੀ ਪ੍ਰਸ਼ਾਸਨ ਵੱਲੋਂ ਸੜਕ ਕਿਨਾਰੇ ਖਾਲੀ ਥਾਂ ਵਿੱਚ ਮਕੈਨਿਕਾਂ ਨੂੰ ਕੰਮ ਰੋਕਣ ਲਈ ਲੋਹੇ ਦੀਆਂ ਗਰਿੱਲਾਂ ਲਗਾਉਣ ਦਾ ਤਿੱਖਾ ਵਿਰੋਧ ਕਰਦਿਆਂ ਮਕੈਨਿਕਾਂ ਨੇ ਸੜਕ ਜਾਮ ਕਰਕੇ ਧਰਨਾ ਦਿੱਤਾ। ਇਸ ਮੌਕੇ ਮੋਟਰ ਮਾਰਕੀਟ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਥਾਂ ’ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਮੋਟਰ ਮਕੈਨਿਕਾਂ ਨੂੰ ਕੰਮ ਤੋਂ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ। ਸ੍ਰੀ ਅਬਿਆਨਾ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਇੱਥੇ ਕੰਮ ਕਰਦੇ ਦੁਕਾਨਦਾਰਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਅੱਧੇ ਖੇਤਰ ਵਿੱਚ ਕੰਮ ਕਰਦੇ ਮਕੈਨਿਕਾਂ ਅਤੇ ਦੁਕਾਨਦਾਰਾਂ ਦਾ ਕੰਮ ਬੰਦ ਕਰਵਾ ਕੇ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ ਜਦੋਂਕਿ ਬਾਕੀ ਹਿੱਸੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਸਾਰੇ ਮਕੈਨਿਕਾਂ ਅਤੇ ਦੁਕਾਨਦਾਰਾਂ ਨੂੰ ਗਮਾਡਾ ਵੱਲੋਂ ਇੱਥੋਂ ਦੇ ਫੇਜ਼-11 ਨਜ਼ਦੀਕ ਬਣਨ ਵਾਲੀ ਮੋਟਰ ਮਾਰਕੀਟ ਵਿੱਚ ਦੁਕਾਨਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਡਰਾਅ ਵੀ ਕੱਢੇ ਜਾ ਚੁੱਕੇ ਹਨ ਪ੍ਰੰਤੂ ਹੁਣ ਤੱਕ ਗਮਾਡਾ ਵੱਲੋਂ ਨਾ ਤਾਂ ਉੱਥੇ ਦੁਕਾਨਾਂ ਬਣਾਉਣ ਲਈ ਥਾਂ ਦਾ ਕਬਜ਼ਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉੱਥੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਮਕੈਨਿਕ ਅਤੇ ਦੁਕਾਨਦਾਰ ਇੱਥੇ ਖੁੱਲ੍ਹੇ ਵਿੱਚ ਕੰਮ ਕਰਨ ਲਈ ਮਜਬੂਰ ਹਨ। ਮਕੈਨਿਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਲਗਭਗ 150 ਦੁਕਾਨਦਾਰਾਂ ਅਤੇ ਮਕੈਨਿਕਾਂ ਦਾ ਕਾਰੋਬਾਰ ਪ੍ਰਭਾਵਿਤ ਰਿਹਾ ਹੈ। ਜਿਸ ਕਾਰਨ ਮਕੈਨਿਕਾਂ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਫੇਜ਼-11 ਨੇੜੇ ਬਣਾਈ ਜਾ ਰਹੀ ਨਵੀਂ ਮੋਟਰ ਮਾਰਕੀਟ ਵਿੱਚ ਅਲਾਟ ਕੀਤੀਆਂ ਗਈਆਂ ਦੁਕਾਨਾਂ ਦਾ ਕਬਜ਼ਾ ਦਿੱਤਾ ਜਾਵੇ ਤਾਂ ਜੋ ਸਾਰੇ ਮਕੈਨਿਕ ਅਤੇ ਦੁਕਾਨਦਾਰ ਉੱਥੇ ਜਾ ਕੇ ਆਪਣੀਆਂ ਦੁਕਾਨਾਂ ਦੀ ਉਸਾਰੀ ਕਰਕੇ ਕੰਮ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਗਮਾਡਾ ਵੱਲੋਂ ਦੁਕਾਨਦਾਰਾਂ ਨੂੰ ਨਵੀਂ ਮੋਟਰ ਮਾਰਕੀਟ ਵਿੱਚ ਦੁਕਾਨਾਂ ਦਾ ਕਬਜ਼ਾ ਨਹੀਂ ਦਿੱਤਾ ਜਾਂਦਾ। ਉਸ ਸਮੇਂ ਤੱਕ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਸੜਕ ਕਿਨਾਰੇ ਪਹਿਲਾਂ ਵਾਂਗ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਮੋਟਰ ਮਾਰਕੀਟ ਯੂਨੀਅਨ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬੰਟੀ, ਰਣਜੀਤ ਸਿੰਘ, ਵਰਿੰਦਰਪਾਲ ਸਿੰਘ ਆਨੰਦ, ਜਸਵੀਰ ਸਿੰਘ, ਹਰਦੇਵ ਸਿੰਘ ਲਾਲੀ, ਅਮਿਤ ਕਾਂਸਲ, ਅਵਤਾਰ ਸਿੰਘ ਤਾਰੀ, ਹਰਿੰਦਰ ਸਿੰਘ ਸੈਣੀ, ਸੁਲਤਾਨ ਸਿੰਘ ਬਿੱਟੂ ਅਤੇ ਹੋਰ ਦੁਕਾਨਦਾਰ ਅਤੇ ਮਕੈਨਿਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ