Nabaz-e-punjab.com

ਮੁਹਾਲੀ ਏਅਰਪੋਰਟ ਸੜਕ ’ਤੇ ਟੀਡੀਆਈ ਨੇੜੇ ਭਿਆਨਕ ਹਾਦਸਾ ਵਾਪਰਿਆ, ਮੋਟਰ ਸਾਈਕਲ ਚਾਲਕ ਦੀ ਮੌਤ

ਤੇਜ ਰਫ਼ਤਾਰ ਕਾਰ ਰੇਲਿੰਗ ਤੋੜ ਕੇ ਦੂਜੇ ਪਾਸੇ ਦੀ ਸੜਕ ’ਤੇ ਜਾ ਰਹੇ ਮੋਟਰਸਾਈਕਲ ਨਾਲ ਟਕਰਾਈ, ਕਾਰ ਚਾਲਕ ਵੀ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਮੁਹਾਲੀ ਏਅਰਪੋਰਟ ਸੜਕ ’ਤੇ ਟੀਡੀਆਈ ਸਿਟੀ ਨੇੜੇ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 12 ਵਜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (45) ਵਾਸੀ ਪਿੰਡ ਰਾਮਪੁਰ ਕਲੇਰ ਵਜੋਂ ਹੋਈ ਹੈ। ਉਹ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀਐਮਸੀਐਚ ’ਚੋਂ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ। ਉਸ ਦੀ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਹਾਦਸੇ ਕਾਰਨ ਸੜਕ ’ਤੇ ਕਾਫੀ ਦੇਰ ਤੱਕ ਆਵਾਜਾਈ ਵੀ ਪ੍ਰਭਾਵਿਤ ਰਹੀ।
ਇਸ ਸਬੰਧੀ ਬਲੌਂਗੀ ਪੁਲੀਸ ਨੇ ਮ੍ਰਿਤਕ ਵਿਅਕਤੀ ਦੇ ਤਾਏ ਦੇ ਬੇਟੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕਾਰ ਚਾਲਕ ਦੇ ਖ਼ਿਲਾਫ਼ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਮੋਟਰ ਸਾਈਕਲ ਚਾਲਕ ਦੀ ਮੌਤ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਊ ਸੰਨੀ ਇਨਕਲੇਵ ਦੀ ਤਰਫ਼ੋਂ ਮੁਹਾਲੀ ਵੱਲ ਆ ਰਹੀ ਚੰਡੀਗੜ੍ਹ ਨੰਬਰੀ ਇਕ ਤੇਜ ਰਫ਼ਤਾਰ ਕਰੂਜ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਉੱਛਲ ਕੇ ਰੇਲਿੰਗ ਵਿੱਚ ਵੱਜੀ ਅਤੇ ਰੇਲਿੰਗ ਨੂੰ ਤੋੜਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਰਹੇ ਮੋਟਰ ਸਾਈਕਲ ਨਾਲ ਜਾ ਟਕਰਾਈ। ਇਸ ਮਗਰੋਂ ਹਾਦਸਾਗ੍ਰਸਤ ਕਾਰ ਸੜਕ ਤੋਂ ਲੰਘ ਰਹੇ ਇਕ ਕੈਂਟਰ ਵਿੱਚ ਜਾ ਵੱਜੀ। ਜਿਸ ਦਾ ਵੀ ਮਾਮੂਲੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ ਮੋਟਰ ਸਾਈਕਲ ਚਾਲਕ ਬਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਹਾਦਸਾਗ੍ਰਸਤ ਕਾਰ ਦਾ ਚਾਲਕ ਗਗਨ ਵਾਸੀ ਖਰੜ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਆਂਦਾ ਗਿਆ ਸੀ। ਜਿੱਥੇ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਵਿੱਚ ਉਸ ਨੂੰ ਜੀਐਮਸੀਐਚ ਸੈਕਟਰ-32 ਵਿੱਚ ਰੈਫਰ ਕਰ ਦਿੱਤਾ।
ਉਧਰ, ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸਾਗ੍ਰਸਤ ਕਾਰ ਬਹੁਤ ਜ਼ਿਆਦਾ ਤੇਜ ਰਫ਼ਤਾਰ ਨਾਲ ਆ ਰਹੀ ਸੀ। ਜਿਸ ਨੇ ਇਕ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਕਾਰ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕਾਰ ਸੜਕ ਦੇ ਵਿਚਕਾਰ ਲੱਗੀ ਰੇਲਿੰਗ ਨੂੰ ਤੋੜਦੀ ਹੋਈ ਸੜਕ ਦੇ ਦੂਜੇ ਪਾਸੇ ਸੜਕ ’ਤੇ ਜਾ ਰਹੇ ਮੋਟਰ ਸਾਈਕਲ ਵਿੱਚ ਜਾ ਵੱਜੀ। ਕਾਰ ਦੇ ਏਅਰਬੈਗ ਖੁੱਲ੍ਹ ਜਾਣ ਕਾਰਨ ਚਾਲਕ ਵਾਲ ਵਾਲ ਬਚ ਗਿਆ। ਉਂਜ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਦੋਂਕਿ ਮੋਟਰ ਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਉਧਰ, ਮੌਕੇ ’ਤੇ ਮੌਜੂਦ ਕੈਂਟਰ ਚਾਲਕ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਡਿਊਟੀ ’ਤੇ ਤਰਨਤਾਰਨ ਜਾ ਰਹੇ ਸਨ। ਉਨ੍ਹਾਂ ਦੇ ਅੱਗੇ ਇਕ ਮੋਟਰ ਸਾਈਕਲ ਜਾ ਰਿਹਾ ਸੀ। ਜਿਸ ਨਾਲ ਤੇਜ ਰਫ਼ਤਾਰ ਕਾਰ ਟਕਰਾ ਗਈ। ਬਾਅਦ ਵਿੱਚ ਕਾਰ ਉਨ੍ਹਾਂ ਦੇ ਕੈਂਟਰ ਵਿੱਚ ਆਣ ਵੱਜੀ। ਉਨ੍ਹਾਂ ਕਿਹਾ ਕਿ ਜੇਕਰ ਬੇਕਾਬੂ ਕਾਰ ਉਨ੍ਹਾਂ ਦੇ ਕੈਂਟਰ ਨਾਲ ਨਾ ਟਕਰਾਉਂਦੀ ਤਾਂ ਹੋਰਨਾਂ ਵਾਹਨਾਂ ਦਾ ਵੀ ਨੁਕਸਾਨ ਹੋਣਾ ਸੀ। ਸੂਚਨਾ ਮਿਲਦੇ ਹੀ ਥਾਣਾ ਬਲੌਂਗੀ ਦੇ ਥਾਣੇਦਾਰ ਹਰਪ੍ਰੀਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਪਾਸੇ ਕਰਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ। ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਗਗਨ ਖਰੜ ਦੇ ਖ਼ਿਲਾਫ਼ ਧਾਰਾ 279, 304ਏ ਅਤੇ 427 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…