
ਗੋਦਰੇਜ ਚੌਂਕ ਨੇੜੇ ਮੋਟਰ ਸਾਈਕਲ ’ਤੇ ਪਲਟਿਆਂ ਟਰੱਕ, ਮੋਟਰ ਸਾਈਕਲ ਚਾਲਕ ਦੀ ਮੌਤ
ਮਿਉਂਸਪਲ ਕਾਰਪੋਰੇਸ਼ਨ ਵੱਲੋਂ ਓਵਰ ਲੋਡਿਡ ਗੱਡੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਰਿਸ਼ਵ ਜੈਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਸਥਾਨਕ ਗੋਦਰੇਜ ਚੌਂਕ (ਰਾਧਾ ਸਵਾਮੀ ਚੌਂਕ) ਵਿੱਚ ਬੀਤੀ ਰਾਤ ਵਾਪਰੇ ਇੱਕ ਹਾਦਸੇ ਦੌਰਾਨ ਰੇਤੇ ਦੇ ਭਰੇ ਟਰੱਕ ਹੇਠਾਂ ਆ ਕੇ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਤੇ ਨਾਲ ਭਰਿਆ ਟਰੱਕ ਨੰਬਰ ਪੀ.ਬੀ.10 ਸੀ.ਵੀ 6216 ਬੀਤੀ ਰਾਤ 2:30 ਵਜੇ ਦੇ ਕਰੀਬ ਖਰੜ ਤੋੱ ਸੋਹਾਣਾ ਜਾ ਰਿਹਾ ਸੀ ਕਿ ਗੋਦਰੇਜ ਚੌਂਕ ਵਿੱਚ ਲਾਂਡਰਾਂ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੂੰ ਬਚਾਉਂਦਿਆਂ ਟਰੱਕ ਬੇਕਾਬੂ ਹੋ ਕੇ ਉਲਟ ਗਿਆ, ਇਸ ਟਰੱਕ ਦੇ ਹੇਠਾਂ ਆ ਕੇ ਮੋਟਰ ਸਾਈਕਲ ਸਵਾਰ ਅਭਿਸ਼ੇਕ ਦੁਬੇ ਦੀ ਮੌਤ ਹੋ ਗਈ।
ਦੂਜੇ ਪਾਸੇ ਦੀ ਹਿੰਦੂ ਅਖ਼ਬਾਰ ਵਿੱਚ ਪਿੰ੍ਰਟਿੰਗ ਦਾ ਕੰਮ ਕਰਵਾ ਕੇ ਅਭਿਸ਼ੇਕ ਦੁਬੇ ਉਮਰ 32-33 ਸਾਲ ਮੋਟਰ ਸਾਈਕਲ ਨੰਬਰ ਸੀ.ਐਚ 01 ਬੀ.ਜੀ 3695 ਤੇ ਆਪਣੇ ਘਰ ਜਾ ਰਿਹਾ ਸੀ, ਦੁਬੇ ਆਪਣੇ ਦੋਸਤ ਨੂੰ ਛੱਡ ਕੇ ਮੁੰਡੀ ਖਰੜ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਗੋਦਰੇਜ ਚੌਂਕ ਵਿਚ ਆਈ.ਵੀ.ਵਾਈ ਹਸਪਤਾਲ ਵਾਲੇ ਪਾਸਿਉਂ ਖਰੜ ਵੱਲ ਮੁੜ ਰਿਹਾ ਸੀ ਤਾਂ ਰੇਤੇ ਦਾ ਭਰਿਆ ਟਰੱਕ ਉਸ ਉਪਰ ਉਲਟ ਗਿਆ, ਜਿਸ ਦੇ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ। ਦੂਬੇ ਮੁੰਡੀ ਖਰੜ ਵਿੱਚ ਆਪਣੀ ਪਤਨੀ ਅਤੇ 3 ਬੱਚਿਆਂ ਨਾਲ ਰਹਿੰਦਾ ਸੀ। ਉਸ ਦਾ ਬਾਕੀ ਪਰਿਵਾਰ ਇਲਾਹਾਬਾਦ ਵਿੱਚ ਰਹਿੰਦਾ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਨੂੰ ਜੈਕ ਲਗਾ ਕੇ ਮ੍ਰਿਤਕ ਦੀ ਲਾਸ਼ ਨੂੰ ਟਰੱਕ ਦੇ ਹੇਠਾਂ ਤੋਂ ਕੱਢਿਆ ਅਤੇ ਜੇ.ਸੀ.ਬੀ ਮਸ਼ੀਨ ਨਾਲ ਰੇਤਾ ਪਾਸੇ ਕਰਵਾਇਆ। ਇਸ ਸਬੰਧੀ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਕਿਹਾ ਕਿ ਨਿਗਮ ਦੀ ਹੱਦ ਅੰਦਰ ਆ ਰਹੀਆਂ ਓਵਰ ਲੋਡ ਗੱਡੀਆਂ ਖਿਲਾਫ ਨਿਗਮ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਹੋਏ ਹਾਦਸੇ ਸਮੇਤ ਇਨ੍ਹਾਂ ਓਵਰ ਲੋਡਿਡ ਗੱਡੀਆਂ ਕਾਰਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਇਸ ਤਰ੍ਹਾਂ ਦੇ ਹਾਦਸੇ ਰੋਕਣ ਲਈ ਨਿਗਮ ਵੱਲੋੱ ਓਵਰ ਲੋਡਿਡ ਗੱਡੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਕੌਂਸਲਰ ਜਸਬੀਰ ਸਿੰਘ ਮਣਕੂ ਵੀ ਮੌਜੂਦ ਸਨ।