nabaz-e-punjab.com

ਗੁਰੂ ਨਾਨਕ ਸਵੀਟਸ ਨੇੜਿਓਂ ਗੰਨ ਪੁਆਇੰਟ ’ਤੇ ਮੋਟਰ ਸਾਈਕਲ ਖੋਹਿਆ

ਕਾਰ ਦਾ ਪਿੱਛਾ ਕਰਦੇ ਮੌਕੇ ’ਤੇ ਪਹੁੰਚੇ ਪੀਸੀਆਰ ਜਵਾਨ ’ਤੇ ਵੀ ਤਾਣੀ ਪਿਸਤੌਲ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਇੱਥੋਂ ਦੇ ਫੇਜ਼-10 ਦੀ ਮਾਰਕੀਟ ਵਿੱਚ ਸੋਮਵਾਰ ਨੂੰ ਦੇਰ ਸ਼ਾਮ ਪੁਲੀਸ ਦੀ ਮੌਜੂਦਗੀ ਵਿੱਚ ਗੰਨ ਪੁਆਇੰਟ ’ਤੇ ਡਲਿਵਰੀ ਬੁਆਏ ਦਾ ਮੋਟਰ ਸਾਈਕਲ ਖੋਹਣ ਅਤੇ ਮੁਲਜ਼ਮ ਵੱਲੋਂ ਪੀਸੀਆਰ ਦੇ ਜਵਾਨ ’ਤੇ ਪਿਸਤੌਲ ਤਾਣ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਸਬੰਧੀ ਕੋਈ ਵੀ ਪੁਲੀਸ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ ਪ੍ਰੰਤੂ ਪ੍ਰਤੱਖਦਰਸ਼ੀਆਂ ਨੇ ਮਾਰਕੀਟ ਵਿੱਚ ਅਜਿਹੀ ਘਟਨਾ ਵਾਪਰਨ ਦਾ ਖੁਲਾਸਾ ਕੀਤਾ ਹੈ। ਮੁਲਜ਼ਮ ਵੱਲੋਂ ਫਾਇਰਿੰਗ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਪ੍ਰੰਤੂ ਮਾਰਕੀਟ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਉਕਤ ਘਟਨਾਕ੍ਰਮ ਬਾਰੇ ਦੱਸਦਿਆਂ ਦਾਅਵਾ ਕੀਤਾ ਕਿ ਮਾਰਕੀਟ ਵਿੱਚ ਕੋਈ ਗੋਲੀ ਨਹੀਂ ਚੱਲੀ ਹੈ। ਉਂਜ ਉਨ੍ਹਾਂ ਦੱਸਿਆ ਕਿ ਕਾਰ ਸਵਾਰ ਨੌਜਵਾਨ ਨੇ ਪੀਸੀਆਰ ਕਰਮਚਾਰੀ ਵੱਲ ਦੋ ਵਾਰ ਪਿਸਤੌਲ ਜ਼ਰੂਰ ਤਾਣ ਕੇ ਉਸ ਨੂੰ ਡਰਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਇਕ ਬਨੈਲੋ ਕਾਰ ਵਿੱਚ ਸਵਾਰ ਨੌਜਵਾਨ ਸਟੇਡੀਅਮ ਵਾਲੇ ਪਾਸਿਓਂ ਆ ਰਿਹਾ ਸੀ। ਰਸਤੇ ਵਿੱਚ ਹਾਊਸਫੈੱਡ ਕੰਪਲੈਕਸ ਦੇ ਸਾਹਮਣੇ ਮੀਟ ਮਾਰਕੀਟ ਨੇੜੇ ਪੀਸੀਆਰ ਜਵਾਨ ਪਹਿਲਾਂ ਤੋਂ ਹੀ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਪੁਲੀਸ ਨੇ ਬਨੈਲੋ ਕਾਰ ਨੂੰ ਰੋਕ ’ਤੇ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰ ਪੁਲੀਸ ਕਰਮਚਾਰੀਆਂ ਨਾਲ ਖਹਿਬੜ ਪਿਆ ਅਤੇ ਉਹ ਉੱਥੋਂ ਆਪਣੀ ਕਾਰ ਭਜਾ ਕੇ ਸਿਲਵੀ ਪਾਰਕ ਦੇ ਸਾਹਮਣੇ ਗੁਰੂ ਨਾਨਕ ਸਵੀਟਸ ਨੇੜੇ ਆ ਕੇ ਰੁਕ ਗਿਆ। ਏਨੇ ਵਿੱਚ ਕਾਰ ਦਾ ਪਿੱਛਾ ਕਰਦਾ ਹੋਇਆ ਪੀਸੀਆਰ ਜਵਾਨ ਵੀ ਉੱਥੇ ਆ ਗਿਆ ਅਤੇ ਉਸ ਨੇ ਕਾਰ ਦੇ ਸੀਸੇ ’ਤੇ ਹੱਥ ਮਾਰ ਕੇ ਨੌਜਵਾਨ ਨੂੰ ਬਾਹਰ ਆਉਣ ਲਈ ਕਿਹਾ।
ਜਿਵੇਂ ਕਾਰ ਸਵਾਰ ਨੇ ਪੁਲੀਸ ਕਰਮੀ ਵੱਲ ਪਿਸਤੌਲ ਤਾਣੀ ਤਾਂ ਉਹ ਤੁਰੰਤ ਪਿੱਛੇ ਹਟ ਗਿਆ ਅਤੇ ਨੌਜਵਾਨ ਕਾਰ ਉੱਥੇ ਹੀ ਛੱਡ ਕੇ ਪੈਦਲ ਭੱਜ ਲਿਆ ਅਤੇ ਨੇੜੇ ਹੀ ਸਵੀਟੀ ਡਲਿਵਰੀ ਬੁਆਏ ਤੋਂ ਗੰਨ ਪੁਆਇੰਟ ’ਤੇ ਉਸ ਦਾ ਮੋਟਰ ਸਾਈਕਲ ਖੋਹ ਲਿਆ। ਹਾਲਾਂਕਿ ਪੀਸੀਆਰ ਜਵਾਨ ਪਿੱਛਾ ਕਰਦਾ ਹੋਇਆ ਉੱਥੇ ਪਹੁੰਚ ਗਿਆ ਸੀ ਲੇਕਿਨ ਮੁਲਜ਼ਮ ਨੌਜਵਾਨ ਨੇ ਫਿਰ ਪੁਲੀਸ ਕਰਮੀ ਵੱਲ ਪਿਸਤੌਲ ਤਾਣ ਲਈ ਅਤੇ ਉੱਥੋਂ ਫਰਾਰ ਹੋ ਗਿਆ। ਬਾਅਦ ਵਿੱਚ ਮੁਲਜ਼ਮ ਡਲਿਵਰੀ ਬੁਆਏ ਤੋਂ ਖੋਹਿਆ ਮੋਟਰ ਸਾਈਕਲ ਬੁੜੈਲ ਜੇਲ੍ਹ ਨੇੜੇ ਸੁੱਟ ਕੇ ਉੱਥੋਂ ਫਰਾਰ ਹੋ ਗਿਆ। ਪੁਲੀਸ ਨੇ ਮਾਰਕੀਟ ’ਚੋਂ ਮੁਲਜ਼ਮ ਨੌਜਵਾਨ ਦੀ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਸਿਰਫ਼ ਏਨਾ ਹੀ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …