Nabaz-e-punjab.com

ਮੁਹਾਲੀ ਹਵਾਈ ਅੱਡੇ ਦੇ ਨਾਮਕਰਨ ਬਾਰੇ ਸੰਸਦ ਮੈਂਬਰ ਕਿਰਨ ਖੇਰ ਦਾ ਬਿਆਨ ਮੰਦਭਾਗਾ: ਸਿੱਧੂ

ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਨ ਬਾਰੇ ਕਿਰਨ ਖੇਰ ਤੇ ਬਲਬੀਰ ਸਿੱਧੂ ਆਹਮੋ ਸਾਹਮਣੇ

ਕਿਹਾ ਮੁਹਾਲੀ ਦੀ ਜ਼ਮੀਨ ’ਤੇ ਬਣੇ ਕੌਮਾਂਤਰੀ ਏਅਰਪੋਰਟ ਦਾ ਨਾਂ ਚੰਡੀਗੜ੍ਹ ਕਿਵੇਂ ਰੱਖਿਆ ਜਾ ਸਕਦਾ ਹੈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਮੁਹਾਲੀ ਵਿੱਚ ਬਣੇ ਹਵਾਈ ਅੱਡੇ ਦੇ ਨਾਂ ਵਿੱਚ ਮੁਹਾਲੀ ਸ਼ਹਿਰ ਦਾ ਨਾਮ ਜ਼ਰੂਰ ਦਰਜ ਹੋਣਾ ਚਾਹੀਦਾ ਹੈ ਅਤੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਹਨ, ਉਹ ਆਪਣੀ ਸੰਕੀਰਨ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਕਰਨ ਦੀ ਮੰਗ ਕਰਨ ਵਾਲੀ ਸੰਸਦ ਮੈਂਬਰ ਕਿਰਨ ਖੇਰ ਨੂੰ ਆੜੇ ਹੱਥੀਂ ਲੈਂਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ (ਕਿਰਨ ਖੇਰ) ਆਪਣੀ ਘਟੀਆ ਸੋਚ ਨੂੰ ਜੱਗ ਜ਼ਾਹਰ ਕਰ ਰਹੇ ਹਨ। ਚੰਡੀਗੜ੍ਹ ਵਿੱਚ ਇਕ ਸਮਾਰੋਹ ਦੌਰਾਨ ਹਵਾਈ ਅੱਡੇ ਦੇ ਨਾਮਕਰਨ ਸਬੰਧੀ ਪੁੱਛੇ ਜਾਣ ’ਤੇ ਕਿਰਨ ਖੇਰ ਵੱਲੋਂ ਚੰਡੀਗੜ੍ਹ ਦੀ ਵਕਾਲਤ ਕਰਦਿਆਂ ਇਹ ਕਹਿਣਾ ਹੈ ਕਿ ਮੁਹਾਲੀ ਨੂੰ ‘ਕੋਈ ਨਹੀਂ ਜਾਣਦਾ’ ਦੀ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਮੰਤਰੀ ਨੇ ਭਾਜਪਾ ਦੀ ਮਹਿਲਾ ਆਗੂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੁਹਾਲੀ ਸ਼ਹਿਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਂ ’ਤੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਵਸਿਆ ਗਿਆ ਸੀ, ਜੋ ਇਸ ਸਮੇਂ ਵੱਡੇ ਨਿਵੇਸ਼ ਧੁਰੇ ਵਜੋਂ ਪੂਰੇ ਵਿਸ਼ਵ ਭਰ ਵਿੱਚ ਉੱਭਰ ਰਿਹਾ ਹੈ।
ਹਵਾਈ ਅੱਡੇ ਦੇ ਨਾਲ ਮੁਹਾਲੀ ਸ਼ਹਿਰ ਦਾ ਨਾਮ ਜੋੜਨ ਦੀ ਵਕਾਲਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕਿਰਨ ਖੇਰ ਖ਼ੁਦ ਇਸ ਹਵਾਈ ਅੱਡੇ ’ਤੇ ਉਤਰ ਕੇ ਮੁਹਾਲੀ ਸ਼ਹਿਰ ’ਚੋਂ ਲੰਘ ਕੇ ਚੰਡੀਗੜ੍ਹ ਜਾਂਦੇ ਹਨ, ਜੇਕਰ ਉਨ੍ਹਾਂ ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਦੇ ਨਾਮ ਉੱਤੇ ਰੱਖਣ ਦੀ ਮੰਗ ਜਾਰੀ ਰੱਖੀ ਤਾਂ ਇੱਥੇ ਆਉਣ ’ਤੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਘਿਰਾਓ ਅਤੇ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੈਵੇਨਿਊ ਰਿਕਾਰਡ ਮੁਤਾਬਕ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਦੀ ਜ਼ਮੀਨ ’ਤੇ ਬਣਾਇਆ ਗਿਆ ਹੈ। ਇਸ ਸਬੰਧੀ ਪਿੰਡ ਝਿਊਰਹੇੜੀ ਸਮੇਤ ਹੋਰ ਨੇੜਲੇ ਪਿੰਡਾਂ ਦੀ 306 ਏਕੜ ਉਪਜਾਊ ਜ਼ਮੀਨ ਐਕਵਾਇਰ ਕੀਤੀ ਗਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਆਈਟੀ ਹੱਬ ਵਜੋਂ ਦੇਸ਼ ਦੀ ਅਗਵਾਈ ਕਰਨ ਦੇ ਮੁਹਾਣ (ਕੰਢੇ) ’ਤੇ ਖੜ੍ਹਾ ਹੈ ਅਤੇ ਕਿਰਨ ਖੇਰ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਕਿ ਚੰਡੀਗੜ੍ਹ ਵੀ ਪੰਜਾਬ ਦੇ 50 ਪਿੰਡਾਂ ਦੀ ਜ਼ਮੀਨ ਵਸਿਆ ਗਿਆ ਹੈ। ਜਿਨ੍ਹਾਂ ’ਚੋਂ 28 ਪਿੰਡਾਂ ਨੂੰ ਉਜਾੜਨਾ ਪਿਆ ਸੀ। ਉਨ੍ਹਾਂ ਕਿਹਾ ਕਿ ਕਿਰਨ ਖੇਰ ਹੀ ਨਹੀਂ ਸਗੋਂ ਭਾਜਪਾ ਦੇ ਸਾਰੇ ਆਗੂ ਬੇਥਵੀਆਂ ਮਾਰਨ ’ਤੇ ਉਤਰ ਆਏ ਹਨ ਕਿਉਂਕਿ ਹੁਣ ਦੇਸ਼ ਭਰ ’ਚੋਂ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਹਾਰਾਸ਼ਟਰ ਤੇ ਹੁਣ ਝਾਰਖੰਡ ਦੇ ਆਏ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…