
ਐੱਮਪੀ ਮਨੀਸ਼ ਤਿਵਾੜੀ ਨੇ ਕੋਰੋਨਾਵਾਇਰਸ ਦੇ ਖਿਲਾਫ ਪ੍ਰਬੰਧਾਂ ਦਾ ਜਾਇਜ਼ਾ ਲਿਆ
ਰੂਪਨਗਰ, 7 ਅਪ੍ਰੈਲ: ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਵਾਸਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਅਫਸਰਾਂ ਤੇ ਵਰਕਰਾਂ ਨਾਲ ਗੱਲ ਕੀਤੀ ਅਤੇ ਮਹਾਮਾਰੀ ਤੇ ਕਾਬੂ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਸੰਤੁਸ਼ਟੀ ਪ੍ਰਗਟਾਈ।
ਇਸ ਲੜੀ ਹੇਠ ਐੱਮਪੀ ਤਿਵਾੜੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸਐਸਪੀ, ਐਸਡੀਐਮ, ਸਿਵਲ ਸਰਜਨ ਸਮੇਤ ਕਾਂਗਰਸੀ ਪਾਰਟੀ ਦੇ ਸਥਾਨਕ ਵਰਕਰਾਂ ਨਾਲ ਹਾਲਾਤਾਂ ਤੇ ਚਰਚਾ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਖਿਲਾਫ ਦਿਨ-ਰਾਤ ਪਹਿਲੀ ਕਤਾਰ ਚ ਲੜ ਰਹੇ ਡਾਕਟਰਾਂ ਸਮੇਤ ਲੋਕਾਂ ਨੂੰ ਰਾਹਤ ਪਹੁੰਚਾ ਰਹੀ ਪੁਲਸ, ਸੈਨੇਟਰੀ ਸਟਾਫ਼ ਤੇ ਹਰ ਵਿਭਾਗ, ਸੰਸਥਾਵਾਂ ਤੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ। ਤਿਵਾੜੀ ਨੇ ਇਸ ਜੰਗ ਚ ਲੋਕਾਂ ਦਾ ਵੀ ਪੂਰਾ ਸਹਿਯੋਗ ਮੰਗਿਆ, ਜਿਸਨੂੰ ਉਹ ਆਪਣੇ ਘਰਾਂ ਚ ਰਹਿ ਕੇ ਦੇ ਸਕਦੇ ਹਨ।
ਇਸੇ ਤਰ੍ਹਾਂ,ਤਿਵਾੜੀ ਨੇ ਇਸ ਬਿਮਾਰੀ ਨਾਲ ਪੀੜਤਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਹਰ ਉਮਰ ਨਾਲ ਜੁੜੇ ਬਹੁਤ ਸਾਰੇ ਲੋਕ ਜਿੱਤ ਦਰਜ ਕਰ ਚੁੱਕੇ ਹਨ ਅਤੇ ਇਸ ਚ ਕੋਈ ਡਰਨ ਵਾਲੀ ਗੱਲ ਨਹੀਂ ਹੈ। ਅਸੀਂ ਸਾਰੇ ਮਿਲ ਕੇ ਇਸ ਬਿਮਾਰੀ ਨੂੰ ਹਰਾਵਾਂਗੇ। ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਰਾਖੀ ਵਾਸਤੇ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਉਸਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਹੈ।
ਉੱਥੇ ਹੀ, ਉਨ੍ਹਾਂ ਜਮ੍ਹਾਂਖੋਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੂਰਾ ਦੇਸ਼ ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਿਹਾ ਹੈ। ਇਨ੍ਹਾਂ ਹਾਲਾਤਾਂ ਚ ਜਮ੍ਹਾਖੋਰੀ ਕਰਨਾ ਅਤੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨਾ ਦੇਸ਼ਧ੍ਰੋਹ ਤੋਂ ਘੱਟ ਨਹੀਂ ਹੈ। ਜਿਨ੍ਹਾਂ ਅਨਸਰਾਂ ਤੇ ਸੂਬਾ ਸਰਕਾਰ ਵੀ ਸਖ਼ਤੀ ਕਰ ਰਹੀ ਹੈ ਅਤੇ ਲੋਕਾਂ ਨੂੰ ਸਾਮਾਨ ਜਮ੍ਹਾਂ ਨਹੀਂ ਕਰਨਾ ਚਾਹੀਦਾ ਹੈ। ਸਰਕਾਰ ਕੋਲ ਲੋੜੀਂਦੀ ਖੁਰਾਕ ਸਮੱਗਰੀ ਹੈ। ਪੁਲਸ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਚ ਹੀ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।