
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁਹਾਲੀ ਦੇ ਕਾਂਗਰਸੀ ਕੌਂਸਲਰਾਂ ਨਾਲ ਕੀਤੀ ਮੀਟਿੰਗ
ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਅਤੇ ਸਮੱਸਿਆਵਾਂ ’ਤੇ ਕੀਤੀ ਚਰਚਾ, ਹੱਲ ਕਰਨ ਦਾ ਭਰੋਸਾ
ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ:
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਮੁਹਾਲੀ ਦੇ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕਰਕੇ ਸ਼ਹਿਰ ਦੀਆਂ ਸਮੱਸਿਆਵਾਂ ਬਾਰ ਵਿਚਾਰ-ਚਰਚਾ ਕੀਤੀ। ਸੰਸਦ ਮੈਂਬਰ ਤਿਵਾੜੀ ਨੇ ਮੀਟਿੰਗ ਵਿੱਚ ਕੌਂਸਲਰਾਂ ਵੱਲੋਂ ਉਠਾਏ ਮੁੱਦਿਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਕਾਂਗਰਸੀ ਕੌਂਸਲਰਾਂ ਨੇ ਮਨੀਸ਼ ਤਿਵਾੜੀ ਨੂੰ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ-76 ਤੋਂ 80 ਤੱਕ ਲੋਕਾਂ ਨੂੰ ਅਲਾਟ ਕੀਤੀਆਂ ਜ਼ਮੀਨਾਂ ਦੇ ਰੇਟ ਨਵੇਂ ਸਿਰਿਓਂ ਸੋਧ ਕੇ ਵਧਾ ਦਿੱਤੇ ਗਏ ਹਨ ਅਤੇ ਹੁਣ ਬਕਾਏ ਕਲੀਅਰ ਕਰਨ ਲਈ ਸੈਕਟਰ ਵਾਸੀਆਂ ਅਤੇ ਅਲਾਟੀਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ, ਉਨ੍ਹਾਂ ਦੱਸਿਆ ਕਿ ਅਲਾਟੀਆਂ ਨੇ ਬੜੀ ਮੁਸ਼ਕਲ ਨਾਲ ਇਹ ਜ਼ਮੀਨਾਂ ਖਰੀਦੀਆਂ ਹਨ। ਉਨ੍ਹਾਂ ਮੀਟਿੰਗ ਵਿੱਚ ਫੇਜ਼-9, ਫੇਜ਼-10 ਅਤੇ ਫੇਜ਼-11 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮੁੱਦਾ ਵੀ ਚੁੱਕਿਆਂ। ਇੰਜ ਹੀ ਪਿਛਲੇ ਦਿਨੀਂ ਹੜ੍ਹਾਂ ਕਾਰਨ ਹੋਏ ਨੁਕਸਾਨ ’ਤੇ ਵੀ ਚਿੰਤਾ ਪ੍ਰਗਟਾਈ ਅਤੇ ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹੋਰ ਵਿਸ਼ਿਆਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ’ਤੇ ਮਨੀਸ਼ ਤਿਵਾੜੀ ਨੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਇਸ ਲੜੀ ਤਹਿਤ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ, ਸਗੋਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕਾਂਗਰਸ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਕੁਲਵੰਤ ਸਿੰਘ ਕਲੇਰ, ਨਰਿੰਦਰ ਸਿੰਘ ਰੰਗੀ, ਸ੍ਰੀਮਤੀ ਰਾਜ ਰਾਣੀ, ਜਸਬੀਰ ਸਿੰਘ ਮਣਕੂ, ਬਲਜੀਤ ਕੌਰ, ਸ੍ਰੀਮਤੀ ਜਤਿੰਦਰ ਕੌਰ, ਚਰਨ ਸਿੰਘ, ਪ੍ਰਮੋਦ ਮਿੱਤਰ, ਹਰਜੀਤ ਸਿੰਘ ਬੈਦਵਾਨ, ਸੁੱਚਾ ਸਿੰਘ ਕਲੌੜ, ਕੁਲਜਿੰਦਰ ਸਿੰਘ, ਨਵਜੋਤ ਸਿੰਘ ਬਾਛਲ (ਸਾਰੇ ਕੌਂਸਲਰ) ਅਤੇ ਯੂਥ ਆਗੂ ਗੌਰਵ ਜੈਨ ਵੀ ਹਾਜ਼ਰ ਸਨ।