ਐਮ ਪੀ ਸਿੰਘ ਮੁੱਖ ਮੰਤਰੀ ਦੇ ਸਕੱਤਰ-ਕਮ-ਵਿਸ਼ੇਸ਼ ਕਾਰਜ ਅਫ਼ਸਰ ਨਿਯੁਕਤ

ਡੀਸੀ ਤੇ ਐਸਐਸਪੀ ਲੱਗਣ ਲਈ ਅਧਿਕਾਰੀਆਂ ਵਿੱਚ ਦੌੜ ਸ਼ੁਰੂ, ਚੇਅਰਮੈਨੀ ਲਈ ਵੀ ਚਰਾਜੋਈ ਆਰੰਭ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਮਾਰਚ:
ਪੰਜਾਬ ਵਿੱਚ 16 ਮਾਰਚ ਨੂੰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਨ ਜਾ ਰਹੀ ਨਵੀਂ ਸੂਬਾ ਸਰਕਾਰ ਨੇ ਸੇਵਾ-ਮੁਕਤ ਸੀਨੀਅਰ ਪੀਸੀਐਸ ਅਧਿਕਾਰੀ ਸ੍ਰੀ ਮੋਹਿੰਦਰ ਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਸਕੱਤਰ-ਕਮ-ਵਿਸ਼ੇਸ਼ ਕਾਰਜ ਅਫਸਰ (ਓਐਸਡੀ) ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਨਿਯੁਕਤੀ ਸਬੰਧੀ ਤਾਜ਼ਾ ਹੁਕਮ ਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਗਏ ਹਨ। ਉਧਰ, ਪੰਜਾਬ ਦਾ ਡੀਜੀਪੀ ਅਤੇ ਪੰਜਾਬ ਦਾ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਅਤੇ ਵਧੀਕ ਪ੍ਰਮੁੱਖ ਸਕੱਤਰ ਦੇ ਅਹਿਮ ਅਹੁਦੇ ਹਥਿਆਉਣ ਲਈ ਪੰਜਾਬ ਦੇ ਸਿਵਲ ਅਤੇ ਪੁਲੀਸ ਦੇ ਅਧਿਕਾਰੀਆਂ ਵਿੱਚ ਹੋੜ ਲੱਗ ਗਈ ਹੈ। ਇਹੀਂ ਨਹੀਂ ਬਾਦਲ ਵਜ਼ਾਰਤ ਦੌਰਾਨ ਪਿੱਛਲੇ 10 ਸਾਲ ਸੱਤਾ ਦਾ ਨਿੱਘ ਮਾਣਨ ਵਾਲੇ ਅਧਿਕਾਰੀਆਂ ਨੇ ਵਫ਼ਾਦਾਰੀਆਂ ਬਦਲ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ਵਿੱਚ ਆਉਣੇ ਸ਼ੁਰੂ ਹੋ ਗਏ ਹਨ।
ਉਧਰ, ਸੂਤਰਾਂ ਦਾ ਕਹਿਣਾ ਹੈ ਕਿ ਕਈ ਸੀਨੀਅਰ ਅਧਿਕਾਰੀ ਤਾਂ ਵਿਧਾਨ ਸਭਾ ਚੋਣਾਂ ਵੇਲੇ ਹੀ ਅੰਦਰਖ਼ਾਤੇ ਅਤੇ ਗੁਪਤ ਤਰੀਕੇ ਨਾਲ ਕੈਪਟਨ ਦੀ ਹਾਜ਼ਰੀ ਭਰਦੇ ਰਹੇ ਹਨ ਅਤੇ ਕਈ ਅਧਿਕਾਰੀਆਂ ਨੇ ਚਮਚਾਗਿਰੀ ਦੀਆਂ ਸਾਰੀਆਂ ਹੱਦਾਂ ਕਰ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਅਤੇ ਐਸਐਸਪੀਜ਼ ਲੱਗਣ ਲਈ ਆਈਏਐਸ ਅਤੇ ਆਈਪੀਐਸ ਤੇ ਪੀਪੀਪਐਸ ਰੈਂਕ ਦੇ ਅਧਿਕਾਰੀਆਂ ਨੇ ਕੈਪਟਨ ਦੇ ਭਰੋਸੇਯੋਗ ਬੰਦਿਆਂ ਦੇ ਆਲੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਰਕਾਰ ਵਿੱਚ ਹੋਰ ਵੀ ਕਈ ਮਹੱਤਵ ਪੂਰਨ ਅਹੁਦਿਆਂ ’ਤੇ ਲੱਗਣ ਲਈ ਵੀ ਅਫ਼ਸਰਸ਼ਾਹੀ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਇਹੀ ਨਹੀਂ ਸਿਆਸੀ ਆਗੂਆਂ ਵਿੱਚ ਵੀ ਮੁੱਖ ਮੰਤਰੀ ਦਾ ਓਐਸਡੀ ਲੱਗਣ ਅਤੇ ਚੇਅਰਮੈਨੀਆਂ ਹਥਿਆਉਣ ਲਈ ਦੌੜ ਸ਼ੁਰੂ ਹੋ ਗਈ ਹੈ ਅਤੇ ਹਰ ਕੋਈ ਚਾਪਲੂਸੀ ਕਰਕੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਤਾਕ ਵਿੱਚ ਹੈ। ਇਹ ਨਹੀਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਰਨ ਦੇ ਦੋਸ਼ ਵਿੱਚ ਪਾਰਟੀ ’ਚੋਂ ਕੱਢੇ ਗਏ ਆਗੂਆਂ ਨੇ ਸੱਤਾ ਦਾ ਨਿੱਘ ਮਾਣਨ ਲਈ ਹੱਥ ਪੈਰ ਮਾਰੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…