ਸੁਖਬੀਰ ਬਾਦਲ ਦੀ ਕਚਹਿਰੀ ਵਿੱਚ ਵੀ ਪੇਸ਼ ਹੋ ਕੇ ਮੁਕੇਸ਼ ਕੁਮਾਰ ਨੂੰ ਨਹੀਂ ਮਿਲਿਆ ਇਨਸਾਫ਼

ਨਿਊਜ਼ ਡੈਸਕ, ਮੁਹਾਲੀ, 11 ਦਸੰਬਰ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਈਮੇਲ ਆਈ ’ਤੇ ਮਿਲੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਪੰਜਾਬ ਪੁਲੀਸ ਡਿਪਟੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ। ਬਲੌਂਗੀ ਵਾਸੀ ਮੁਕੇਸ਼ ਕੁਮਾਰ ਨੇ ਦੋ ਵਾਰ ਜੂਨੀਅਰ ਬਾਦਲ ਨੂੰ ਆਪਣੇ ਨਾਲ ਵੱਜੀ ਠੱਗੀ ਦੀ ਸ਼ਿਕਾਇਤ ਉਨ੍ਹਾਂ ਦੀ ਈਮੇਲ ’ਤੇ ਭੇਜੀ ਸੀ ਪਰ ਦੋ ਮਹੀਨੇ ਲੰਘਣ ਤੋਂ ਬਾਅਦ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੁਕੇਸ਼ ਕੁਮਾਰ ਨਾਲ ਇੱਕ ਕੰਪਨੀ ਨੇ ਘਰ ਉਤੇ ਡਰਾਈ ਫਰੂਟ ਪੈਕ ਕਰਨ ਦੇ ਨਾਂ ਹੇਠ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਸੀ।
ਮੁਕੇਸ਼ ਨੇ ਇੱਕ ਉਘੇ ਅਖ਼ਬਾਰ ਵਿੱਚ ਢਾਈ ਕੁ ਮਹੀਨੇ ਪਹਿਲਾਂ ਇੱਕ ਇਸ਼ਤਿਹਾਰ ਪੜਿਆ ਸੀ ਜਿਸ ਵਿੱਚ ਘਰ ਬੈਠੇ ਪੈਕਿੰਗ ਕਰ ਕੇ ਰੋਜ਼ਾਨਾ ਹਜ਼ਾਰ ਰੁਪਏ ਤੱਕ ਕਮਾਉਣ ਬਾਰੇ ਲਿਖਿਆ ਗਿਆ ਸੀ। ਮੁਕੇਸ਼ ਨੇ ਆਪਣੇ ਬੇਰੁਜ਼ਗਾਰ ਲੜਕੇ ਨੂੰ ਕੰਮ ਲਾਉਣ ਲਈ ਸਬੰਧਤ ਕੰਪਨੀ ਨੂੰ ਫੋਨ ਲਾਇਆ ਜਿਸ ਵਿੱਚ 600 ਰੁਪਏ ਰਜਿਸ਼ਟਰੇਸ਼ਨ ਦੇ ਤੌਰ ’ਤੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਸ ਤੋਂ ਬਾਅਦ ਮੁਕੇਸ਼ ਨੂੰ ਸਕਿਉਰਿਟੀ ਦੇ ਤੌਰ ’ਤੇ 7200 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਤਾਂ ਕਿ ਪੈਕਿੰਗ ਲਈ ਸਮਾਨ ਭੇਜਿਆ ਜਾ ਸਕੇ ਜੋ ਉਸ ਨੇ 3 ਅਗਸਤ 2016 ਨੂੰ ਸਟੇਟ ਬੈਂਕ ਆਫ਼ ਪਟਿਆਲੇ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਪਰ ਮਿੱਥੇ ਸਮੇਂ ’ਤੇ ਸਾਮਾਨ ਨਹੀਂ ਆਇਆ। ਇਸ ਤੋਂ ਬਾਅਦ ਮੁਕੇਸ਼ ਨੇ ਕੰਪਨੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਮੁਕੇਸ਼ ਦਾ ਫੋਨ ਨਾ ਚੁੱਕਿਆ। ਇਸ ਮਗਰੋਂ ਪੁਲੀਸ ਨੇ ਵੀ ਮੁਕੇਸ਼ ਨੂੰ ਹੱਦਬੰਦੀਆਂ ਦੇ ਚੱਕਰਾਂ ਵਿੱਚ ਉਲਝਾ ਦਿੱਤਾ। ਜਦੋਂ ਉਸ ਨੇ ਇਸ ਸਬੰਧੀ ਸ਼ਿਕਾਇਤ ਬਲੌਂਗੀ ਥਾਣੇ ਵਿੱਚ ਕਰਨੀ ਚਾਹੀ ਤਾਂ ਉਸ ਨੂੰ ਇਹ ਕਹਿ ਕੇ ਮਟੌਰ ਥਾਣੇ ਭੇਜ ਦਿੱਤਾ ਗਿਆ ਕਿ ਬੈਂਕ ਦੀ ਜਿਸ ਸ਼ਾਖਾ ਦੇ ਵਿੱਚ ਪੈਸੇ ਜਮ੍ਹਾਂ ਹੋਏ ਉਹ ਮਟੌਰ ਥਾਣੇ ਦੀ ਹੱਦ ਵਿੱਚ ਆਉਂਦੀ ਹੈ। ਇੱਥੇ ਹੀ ਬੱਸ ਨਹੀਂ, ਜਦੋਂ ਮੁਕੇਸ਼ ਮਟੌਰ ਥਾਣੇ ਪੁੱਜਾ ਤਾਂ ਉਸ ਨੂੰ ਥੋੜੇ ਸਮੇਂ ਮਗਰੋਂ ਇਹੀ ਜਵਾਬ ਮਿਲਿਆ ਕਿ ਤੁਹਾਡਾ ਘਰ ਬਲੌਂਗੀ ਵਿੱਚ ਹੈ, ਤੁਸੀਂ ਬਲੌਂਗੀ ਥਾਣੇ ਸ਼ਿਕਾਇਤ ਕਰੋ। ਥੱਕ ਹਾਰ ਕੇ ਮੁਕੇਸ਼ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਦੀ ਸਹਾਇਤਾ ਨਾਲ ਇਨਸਾਫ਼ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਈਮੇਲ ’ਤੇ ਸਬੂਤਾਂ ਸਹਿਤ ਸ਼ਿਕਾਇਤ ਕੀਤੀ ਜੋ ਦੁਬਾਰਾ ਫਿਰ ਸਾਈਬਰ ਪੁਲੀਸ, ਮੁਹਾਲੀ ਨੂੰ ਭੇਜ ਦਿੱਤੀ ਗਈ।
ਅੱਜ ਤੱਕ ਪੁਲੀਸ ਨੇ ਇਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਡੰਗ ਟਪਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਮੁਕੇਸ਼ ਨੇ ਕਿਹਾ ਜਦੋਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਬੂਤਾਂ ਸਮੇਤ 2 ਅਕਤੂਬਰ ਨੂੰ ਸ਼ਿਕਾਇਤ ਭੇਜੀ ਸੀ, ਤਾਂ ਉਸ ਨੂੰ ਇੰਝ ਲਗਦਾ ਸੀ ਕਿ ਹੁਣ ਉਸ ਨਾਲ ਠੱਗੀ ਮਾਰਨ ਵਾਲੇ ਫੜੇ ਜਾਣਗੇ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ 27 ਨਵੰਬਰ ਨੂੰ ਦੁਬਾਰਾ ਸ਼ਿਕਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਨੂੰ ਸੂਬੇ ਦਾ ਉਪ ਮੁੱਖੀ ਮੰਤਰੀ ਹੀ ਇਨਸਾਫ਼ ਨਹੀਂ ਦਿਵਾ ਸਕਿਆ ਤਾਂ ਫਿਰ ਹੋਰ ਕਿਸ ਕੋਲੋਂ ਆਸ ਕਰੀਏ?
ਦੱਸਣਯੋਗ ਹੈ ਕਿ ਮੁਕੇਸ਼ ਕੁਮਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੀ ਸਹਾਇਤਾ ਨਾਲ ਠੱਗੀ ਮਾਰਨ ਵਾਲੇ ਦਾ ਨਾਂ, ਪਿੰਡ ਦਾ ਨਾਂ, ਵੋਟਰ ਆਈ ਡੀ, ਡਰਾਇਵਿੰਗ ਲਾਇਸੈਂਸ ਨੰਬਰ ਆਦਿ ਦਾ ਵੇਰਵਾ ਆਪਣੇ ਪੱਧਰ ’ਤੇ ਇਕੱਠਾ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ।

Load More Related Articles

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…