nabaz-e-punjab.com

ਮੁਲਤਾਨੀ ਕੇਸ: ਗਵਾਹ ਨੂੰ ਧਮਕਾਉਣ ਦੇ ਦੋਸ਼ ’ਚ ਦੋ ਸਾਬਕਾ ਇੰਸਪੈਕਟਰਾਂ ਕੇਸ ਦਰਜ

ਸਾਬਕਾ ਡੀਜੀਪੀ ਖ਼ਿਲਾਫ਼ ਦਰਜ ਮਾਮਲੇ ’ਚ ਵੀ ਨਾਮਜ਼ਦ ਹਨ ਦੋਵੇਂ ਸਾਬਕਾ ਇੰਸਪੈਕਟਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ 29 ਸਾਲ ਪਹਿਲਾਂ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕ ਕੇ ਲਿਜਾਉਣ ਦੇ ਮਾਮਲੇ ਵਿੱਚ ਨਾਮਜ਼ਦ ਚੰਡੀਗੜ੍ਹ ਪੁਲੀਸ ਦੇ ਦੋ ਸਾਬਕਾ ਇੰਸਪੈਕਟਰਾਂ ਅਨੋਖ ਸਿੰਘ ਅਤੇ ਜਗੀਰ ਸਿੰਘ ਦੇ ਖ਼ਿਲਾਫ਼ ਗਵਾਹ ਨੂੰ ਧਮਕਾਉਣ ਦਾ ਇਕ ਹੋਰ ਵੱਖਰਾ ਕੇਸ ਖਰੜ ਸਦਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਕਾਰਵਾਈ ਪੰਜਾਬ ਪੁਲੀਸ ਦੇ ਇਕ ਸਾਬਕਾ ਚਰਚਿਤ ਅਧਿਕਾਰੀ ਗੁਰਮੀਤ ਸਿੰਘ ਉਰਫ਼ ਪਿੰਕੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਅੱਜ ਇੱਥੇ ਗੁਰਮੀਤ ਸਿੰਘ ਪਿੰਕੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਲਾਂਡਰਾਂ ਨੇੜੇ ਆਪਣੇ ਪਿੱਗ ਫਾਰਮ ’ਤੇ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਅਨੋਖ ਸਿੰਘ ਉਸ ਦਾ ਪੁਰਾਣਾ ਦੋਸਤ ਹੈ, ਜੋ ਉਸ ਨੂੰ ਕਹਿਣ ਲੱਗਾ ਕਿ ਉਹ ਵੀ ਇੱਥੇ ਆਪਣੀ ਜ਼ਮੀਨ ਵਿੱਚ ਫਾਰਮ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਦੀਆਂ ਫਾਰਮ ’ਤੇ ਬੈਠ ਕੇ ਗੱਲਬਾਤਾਂ ਹੋਈਆਂ ਪ੍ਰੰਤੂ ਇਸ ਦੌਰਾਨ ਉਸ ਨੇ ਚਲਾਕੀ ਨਾਲ ਰਿਕਾਰਡਿੰਗ ਸ਼ੁਰੂ ਕਰ ਦਿੱਤੀ, ਜੋ ਬਾਅਦ ਵਿੱਚ ਉਸ ਨੇ ਕਿਸੇ ਮੀਡੀਆ ਕਰਮੀ ਨੂੰ ਦੇ ਦਿੱਤੀ। ਇਸ ਮਗਰੋਂ ਅਨੋਖ ਸਿੰਘ ਅਤੇ ਜਗੀਰ ਸਿੰਘ ਦੋਵੇਂ ਉਸ ਕੋਲ ਆਏ ਅਤੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸੈਣੀ ਸਾਹਿਬ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜੇਕਰ ਆਪਣੀ ਗਵਾਹੀ ਤੋਂ ਬਾਜ ਨਹੀਂ ਆਏ ਤਾਂ ਉਸ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਨੇ ਪੈਣਗੇ। ਇਨ੍ਹਾਂ ਧਮਕੀਆਂ ਤੋਂ ਬਾਅਦ ਉਸ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ (ਅਨੋਖ ਸਿੰਘ ਤੇ ਜਗੀਰ ਸਿੰਘ) ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇੱਥੇ ਇਹ ਖਾਸ ਦੱਸਣਯੋਗ ਹੈ ਕਿ ਮੁਹਾਲੀ ਅਦਾਲਤ ਨੇ ਸੈਣੀ ਮਾਮਲੇ ਵਿੱਚ ਨਾਮਜ਼ਦ ਯੂਟੀ ਪੁਲੀਸ ਦੇ ਚਾਰ ਸਾਬਕਾ ਇੰਸਪੈਕਟਰਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਨਿਰਦੇਸ਼ ਦਿੱਤੇ ਸਨ ਕਿ ਜ਼ਮਾਨਤ ਪੀਰੀਅਡ ਦੌਰਾਨ ਉਹ ਸ਼ਿਕਾਇਤ ਕਰਤਾ, ਗਵਾਹ ਜਾਂ ਹੋਰ ਕਿਸੇ ਨੂੰ ਡਰਾਉਣ ਧਮਕਾਉਣ ਜਾਂ ਲਾਲਚ ਦੇਣ ਦੀ ਕੋਸ਼ਿਸ਼ ਨਹੀਂ ਕਰਨਗੇ, ਪ੍ਰੰਤੂ ਉਕਤ ਦੋਵੇਂ ਸਾਬਕਾ ਅਧਿਕਾਰੀਆਂ ਨੇ ਗਵਾਹ ਪਿੰਕੀ ਨੂੰ ਧਮਕਾ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਆਪਣਾ ਪਾਸਪੋਰਟ ਪੁਲੀਸ ਕੋਲ ਜਮ੍ਹਾ ਕਰਵਾਉਣ ਅਤੇ ਜਾਂਚ ਵਿੱਚ ਪੁਲੀਸ ਨੂੰ ਪੂਰਾ ਸਹਿਯੋਗ ਦੇਣ ਲਈ ਪਾਬੰਦ ਕੀਤਾ ਸੀ। ਇਹ ਵੀ ਹੁਕਮ ਦਿੱਤੇ ਸੀ ਕਿ ਉਹ ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਹਾਲਾਂਕਿ ਪੁਲੀਸ ਨੇ ਦੋਵੇਂ ਸਾਬਕਾ ਇੰਸਪੈਕਟਰਾਂ ਖ਼ਿਲਾਫ਼ ਧਾਰਾ 195ਏ ਤਹਿਤ ਕੇਸ ਦਰਜ ਕਰ ਲਿਆ ਹੈ ਪ੍ਰੰਤੂ ਇਸ ਬਾਰੇ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ ਸਗੋਂ ਇਕ ਦੂਜੇ ’ਤੇ ਗੱਲ ਸੁੱਟ ਕੇ ਆਪਣਾ ਪੱਲਾ ਝਾੜ ਰਹੇ ਹਨ।
ਉਧਰ, ਪੁਲੀਸ ਨੇ ਸਾਬਕਾ ਇੰਸਪੈਕਟਰ ਅਨੋਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ। ਸੂਤਰ ਦੱਸਦੇ ਹਨ ਕਿ ਅਨੋਖ ਸਿੰਘ ਦੀ ਜ਼ਮਾਨਤ ਹੋ ਗਈ ਹੈ ਪ੍ਰੰਤੂ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…