Nabaz-e-punjab.com

ਮੁਲਤਾਨੀ ਕੇਸ: ਹਾਈ ਕਰੋਟ ਦੇ ਜੱਜ ਨੇ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਕੀਤਾ ਕਿਨਾਰਾ

ਹਾਈ ਕੋਰਟ ਦੇ ਜੱਜ ਨੇ ਸੈਣੀ ਕੇਸ ਤੋਂ ਖ਼ੁਦ ਨੂੰ ਅਲੱਗ ਕਰਕੇ ਫਾਈਲ ਮੁੱਖ ਜੱਜ ਕੋਲ ਭੇਜੀ

ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਵੱਲੋਂ ਉਤਰ ਭਾਰਤ ਵਿੱਚ ਛਾਪੇਮਾਰੀ ਜਾਰੀ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਮੁਹਾਲੀ ਦੇ ਵਸਨੀਕ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਹਾਈ ਕੋਰਟ ਦੇ ਜੱਜ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਉੱਚ ਅਦਾਲਤ ਦੇ ਇਸ ਨਿਰਣੇ ਨਾਲ ਸੈਣੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਨੇ ਪਿਛਲੇ ਦਿਨੀਂ ਅਗਾਊਂ ਜ਼ਮਾਨਤ ਲੈਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਪ੍ਰੰਤੂ ਅੱਜ ਜੱਜ ਨੇ ਅਚਾਨਕ ਸੈਣੀ ਕੇਸ ਤੋਂ ਖ਼ੁਦ ਨੂੰ ਵੱਖ ਕਰਦਿਆਂ
ਸੈਣੀ ਦੀ ਕੇਸ ਫਾਈਲ ਹਾਈ ਕੋਰਟ ਦੇ ਚੀਫ਼ ਜਸਟਿਸ ਕੋਲ ਭੇਜ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਇਕ ਜੱਜ ਨੇ ਮੁਹਾਲੀ ਦੇ ਮਟੌਰ ਥਾਣੇ ਵਿੱਚ ਸੈਣੀ ਖਿਲਾਫ਼ ਦਰਜ ਕੇਸ ਨੂੰ ਰੱਦ ਕਰਨ ਬਾਰੇ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਖ਼ੁਦ ਨੂੰ ਅਲੱਗ ਕਰ ਲਿਆ ਸੀ। ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਮੁਹਾਲੀ ਵਿੱਚ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਕੇਸ ਨੂੰ ਫੌਰੀ ਰੱਦ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਉਧਰ, ਸੁਮੇਧ ਸੈਣੀ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਜੈੱਡ ਪਲੱਸ ਸੁਰੱਖਿਆ ਛੱਡ ਕੇ ਅਚਾਨਕ ਰੂਪੋਸ਼ ਹੋ ਗਏ ਹਨ। ਜਿਸ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮੰਨਿਆਂ ਜਾ ਰਿਹਾ ਹੈ। ਇਸ ਦੌਰਾਨ ਮੁਹਾਲੀ ਪੁਲੀਸ ਦੀਆਂ ਟੀਮਾਂ ਵੱਲੋਂ ਸੈਣੀ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਬਾਰੇ ਕੋਈ ਅਧਿਕਾਰੀ ਆਪਣਾ ਮੂੰਹ ਖੋਲਣ ਲਈ ਤਿਆਰ ਨਹੀਂ ਹੈ। ਇਕ ਅਧਿਕਾਰੀ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਬੀਤੇ ਕੱਲ੍ਹ ਅਤੇ ਅੱਜ ਪੁਲੀਸ ਦੀਆਂ 7-8 ਟੀਮਾਂ ਵੱਲੋਂ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ-ਕਸ਼ਮੀਰ ਸਮੇਤ ਸਮੁੱਚੇ ਉਤਰ ਭਾਰਤ ਵਿੱਚ ਕਈ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਲੇਕਿਨ ਹੁਣ ਤੱਕ ਸੈਣੀ ਦੀ ਮੌਜੂਦਗੀ ਬਾਰੇ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਾਬਕਾ ਡੀਜੀਪੀ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਪੁਲੀਸ ਸੈਣੀ ਦੀ ਪੈੜ ਨੱਪਣ ਲਈ ਲਗਾਤਾਰ ਫੋਨ ਲੋਕੇਸ਼ਨ ਦਾ ਪਿੱਛਾ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹਾ ਅਦਾਲਤ ਮੁਹਾਲੀ ਨੇ ਸਾਬਕਾ ਡੀਜੀਪੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਅਦਾਲਤ ਦਾ ਮੰਨਣਾ ਹੈ ਕਿ ਉਨ੍ਹਾਂ (ਸੈਣੀ) ਦੇ ਖ਼ਿਲਾਫ਼ ਬਹੁਤ ਗੰਭੀਰ ਕਿਸਮ ਦੇ ਦੋਸ਼ ਹਨ। ਇਸ ਮਾਮਲੇ ਵਿੱਚ ਪੁਲੀਸ ਦੀ ਜਾਂਚ ਅਤੇ ਮੁਲਜ਼ਮ ਦੀ ਪੁੱਛਗਿੱਛ ਬਹੁਤ ਜ਼ਰੂਰੀ ਹੈ। ਜਿਸ ਕਾਰਨ ਸੈਣੀ ਦੀ ਕਿਸੇ ਵੀ ਸੂਰਤ ਵਿੱਚ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਜਾ ਸਕਦੀ ਹੈ। ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਮੰਗ ਕੀਤੀ ਕਿ ਸੈਣੀ ਖ਼ਿਲਾਫ਼ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਤਹਿਤ ਵੱਖਰਾ ਕੇਸ ਦਰਜ ਕੀਤਾ ਜਾਵੇ ਅਤੇ ਸਾਬਕਾ ਡੀਜੀਪੀ ਨੂੰ ਭਗੌੜਾ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੈਣੀ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਉਹ ਹੁਣ ਪੁਲੀਸ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਛੁਪਦਾ ਕਿਊਂ ਫਿਰ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…