Nabaz-e-punjab.com

ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ, ਗ੍ਰਿਫ਼ਤਾਰੀ ’ਤੇ ਰੋਕ

ਮੁਹਾਲੀ ਅਦਾਲਤ ਵੱਲੋਂ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਬਰਕਰਾਰ ਰੱਖਣ ਦੇ ਆਦੇਸ਼

ਜੇਕਰ ਸੁਮੇਧ ਸੈਣੀ ਦਲੇਰ ਹੈ ਤਾਂ ਹੁਣ ਪੁਲੀਸ ਜਾਂਚ ਦਾ ਸਾਹਮਣਾ ਕਰਨ ਤੋਂ ਭੱਜ ਕਿਉਂ ਰਿਹੈ: ਪੀੜਤ ਪਰਿਵਾਰ

ਸੈਣੀ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਹਿਰਾਸਤ ਵਿੱਚ ਪੁੱਛਗਿੱਛ ਹੋਣੀ ਚਾਹੀਦੀ ਐ: ਸਰਕਾਰੀ ਵਕੀਲ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਮੁਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਅਗਲੇ ਹੁਕਮਾਂ ਤੱਕ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਅੱਜ ਜਿਵੇਂ ਹੀ ਮੁਹਾਲੀ ਪੁਲੀਸ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰ, ਫਾਰਮ ਹਾਊਸ ਸਮੇਤ ਹੋਰਨਾਂ ਟਿਕਾਣਿਆਂ ਉੱਤੇ ਛਾਪੇਮਾਰੀ ਕਰਨੀ ਸ਼ੁਰੂ ਕੀਤੀ ਤਾਂ ਉਹ (ਸੈਣੀ) ਮੁੜ ਅਦਾਲਤ ਦੀ ਸ਼ਰਨ ਵਿੱਚ ਪਹੁੰਚ ਗਏ।
ਸੈਣੀ ਨੇ ਆਪਣੇ ਵਕੀਲ ਏਪੀਐਸ ਦਿਉਲ ਰਾਹੀਂ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕਰਕੇ ਬੀਤੇ ਕੱਲ੍ਹ ਜਾਰੀ ਹੁਕਮਾਂ ਬਾਰੇ ਸਥਿਤੀ ਕਲੀਅਰ ਕਰਨ ਅਤੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਪੰਜਾਬ ਸਰਕਾਰ ’ਤੇ ਅਦਾਲਤੀ ਕਾਰਵਾਈ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਈ ਗਈ। ਸ੍ਰੀ ਦਿਉਲ ਨੇ ਦੱਸਿਆ ਕਿ ਜਦੋਂ ਤੱਕ ਧਾਰਾ 302 ਵਿੱਚ ਸੈਣੀ ਦੀ ਜ਼ਮਾਨਤ ਅਰਜ਼ੀ ਦਾ ਨਿਬੇੜਾ ਨਹੀਂ ਹੋ ਹੁੰਦਾ ਉਦੋਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਅਰਜ਼ੀ ਰੋਕ ਬਰਕਰਾਰ ਰਹੇਗੀ। ਇਸ ਸਬੰਧੀ ਅਗਲੀ ਸੁਣਵਾਈ 1 ਸਤੰਬਰ ਨੂੰ ਹੋਵੇਗੀ। ਇਸ ਤਰ੍ਹਾਂ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਇੱਧਰ ਉਧਰ ਹੱਥ ਪੈਰ ਮਾਰ ਰਹੀ ਪੁਲੀਸ ਦੀ ਯੋਜਨਾ ’ਤੇ ਪਾਣੀ ਫਿਰ ਗਿਆ।
ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਅਦਾਲਤ ਦੇ ਤਾਜ਼ਾ ਫੈਸਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਨੇ ਸਟੇਟ ਅਤੇ ਪੀੜਤ ਪਰਿਵਾਰ ਦਾ ਪੱਖ ਸੁਣੇ ਬਿਨਾਂ ਹੀ ਸਾਬਕਾ ਡੀਜੀਪੀ ਨੂੰ ਜ਼ਮਾਨਤ ਦੇ ਦਿੱਤੀ ਹੈ। ਜਦੋਂਕਿ ਸੈਣੀ ਖ਼ਿਲਾਫ਼ ਇਕ ਸਿੱਖ ਨੌਜਵਾਨ ਨੂੰ ਘਰੋਂ ਅਗਵਾ ਕਰਕੇ ਉਸ ਨੂੰ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਗੰਭੀਰ ਦੋਸ਼ ਹਨ। ਉਨ੍ਹਾਂ ਮੰਗ ਕੀਤੀ ਕਿ ਸੈਣੀ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਹਿਰਾਸਤ ਵਿੱਚ ਪੁੱਛਗਿੱਛ ਹੋਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੀ ਅਰਜ਼ੀ ਵਿੱਚ 16 ਸਵਾਲ ਪੁੱਛਣ ਦਾ ਵੇਰਵਾ ਦਿੱਤਾ ਹੈ।
ਉਧਰ, ਅੱਜ ਜਿਵੇਂ ਹੀ ਮੁਹਾਲੀ ਪੁਲੀਸ ਨੇ ਛਾਪੇਮਾਰੀ ਸ਼ੁਰੂ ਕੀਤੀ ਤਾਂ ਸੈਣੀ ਗ੍ਰਿਫ਼ਤਾਰੀ ਦੇ ਡਰੋਂ ਰੂਪੋਸ਼ ਹੋ ਗਏ ਸੀ। ਮੁਹਾਲੀ ਪੁਲੀਸ ਅਤੇ ਸਿੱਟ ਦੀ ਟੀਮ ਨੇ ਸਾਂਝੇ ਤੌਰ ’ਤੇ ਸ਼ੁੱਕਰਵਾਰ ਨੂੰ ਸਵੇਰੇ ਹੀ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਲੇਕਿਨ ਪੁਲੀਸ ਨੂੰ ਕਿਤੇ ਵੀ ਸੈਣੀ ਨਹੀਂ ਮਿਲਿਆ। ਪੁਲੀਸ ਨੇ ਸੈਕਟਰ-20 ਸਥਿਤ ਸੁਮੇਧ ਸੈਣੀ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ। ਸੂਤਰ ਦੱਸਦੇ ਹਨ ਕਿ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਅਮਲੇ ਨੇ ਪੁਲੀਸ ਨੂੰ ਦੱਸਿਆ ਕਿ ਸਾਹਿਬ ਘਰ ਨਹੀਂ ਹਨ। ਜਿਸ ਕਾਰਨ ਪੁਲੀਸ ਕਰਮਚਾਰੀ ਵਾਪਸ ਆ ਗਏ। ਇੱਥੋਂ ਦੇ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੇ ਨੇੜੇ ਸੁਮੇਧ ਸੈਣੀ ਦੇ ਫਾਰਮ ਹਾਊਸ ਵਿੱਚ ਵੀ ਪੁਲੀਸ ਪਾਰਟੀ ਨੇ ਛਾਪੇਮਾਰੀ ਕੀਤੀ। ਇੱਥੇ ਦੋ ਤਿੰਨ ਕਮਰੇ ਬਣੇ ਹੋਏ ਹਨ। ਪੁਲੀਸ ਨੇ ਫਾਰਮ ਦਾ ਕੋਨਾ ਕੋਨਾ ਛਾਣ ਮਾਰਿਆ ਪ੍ਰੰਤੂ ਸੈਣੀ ਨਹੀਂ ਮਿਲਿਆ। ਹੋਰਨਾਂ ਟਿਕਾਣਿਆਂ ’ਤੇ ਵੀ ਪੁਲੀਸ ਦੀ ਛਾਪੇਮਾਰੀ ਬਾਰੇ ਪਤਾ ਲੱਗਾ ਹੈ।
ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੋਸ਼ ਲਾਇਆ ਕਿ ਸੈਣੀ ਨੇ ਆਪਣੇ ਘਰ ਅਤੇ ਹੋਰ ਟਿਕਾਣਿਆਂ ਤੋਂ ਗਾਇਬ ਹੋ ਕੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਧਾਰਾ 364 ਵਿੱਚ ਸੈਣੀ ਨੂੰ ਪੱਕੀ ਜ਼ਮਾਨਤ ਦੇਣ ਸਮੇਂ ਇਹ ਆਦੇਸ਼ ਦਿੱਤੇ ਸੀ ਕਿ ਉਹ ਸ਼ਹਿਰ ਛੱਡ ਕੇ ਬਾਹਰ ਨਹੀਂ ਜਾਣਗੇ। ਜੇਕਰ ਐਮਰਜੈਂਸੀ ਪੈਣ ’ਤੇ ਕਿਤੇ ਜਾਣਾ ਪੈਂਦਾ ਹੈ ਤਾਂ ਸਬੰਧਤ ਅਦਾਲਤ ਜਾਂ ਪੁਲੀਸ ਤੋਂ ਅਗਾਊਂ ਪ੍ਰਵਾਨਗੀ ਲੈਣੀ ਪਵੇਗੀ ਪ੍ਰੰਤੂ ਗ੍ਰਿਫ਼ਤਾਰੀ ਤੋਂ ਬਚਨ ਲਈ ਸੈਣੀ ਨੇ ਰੁਪੋਸ਼ ਹੋ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਸ੍ਰੀ ਵਿਰਕ ਨੇ ਕਿਹਾ ਕਿ ਜੇਕਰ ਸੈਣੀ ਖ਼ੁਦ ਨੂੰ ਏਨਾ ਦਲੇਰ ਅਫ਼ਸਰ ਮੰਨਦਾ ਹੈ ਤਾਂ ਹੁਣ ਉਹ ਪੁਲੀਸ ਜਾਂਚ ਦਾ ਸਾਹਮਣਾ ਕਰਨ ਅਤੇ ਗ੍ਰਿਫ਼ਤਾਰੀ ਦੇ ਡਰੋਂ ਕਿਉਂ ਭੱਜਦੇ ਫਿਰ ਰਹੇ ਹਨ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…