nabaz-e-punjab.com

ਪ੍ਰੋ. ਭੁੱਲਰ ਦਾ ਰਿਸ਼ਤੇਦਾਰ ਹੋਣ ਦੀ ਮਹਿੰਗੀ ਕੀਮਤ ਚੁਕਾਉਣੀ ਪਈ ਮੁਲਤਾਨੀ ਪਰਿਵਾਰ ਨੂੰ

ਰਾਮਪੁਰਾ ਫੂਲ ’ਚੋਂ ਪ੍ਰੋ. ਭੁੱਲਰ ਦੇ ਸਹੁਰਾ ਕੁਲਤਾਰ ਸਿੰਘ ਨੂੰ ਚੁੱਕਿਆਂ ਦੀ ਘਰੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਇੱਥੋਂ ਦੇ ਫੇਜ਼-7 ਵਿੱਚ ਰਹਿੰਦੇ ਮੁਲਤਾਨੀ ਪਰਿਵਾਰ ਨੂੰ ਸਿੱਖ ਆਗੂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਜ਼ਦੀਕੀ ਰਿਸ਼ਤੇਦਾਰ ਹੋਣਾ ਕਾਫੀ ਮਹਿੰਗਾ ਪਿਆ ਹੈ। ਚੰਡੀਗੜ੍ਹ ਵਿੱਚ ਐਸਐਸਪੀ ਦੇ ਅਹੁਦੇ ’ਤੇ ਤਾਇਨਾਤੀ ਦੌਰਾਨ ਸੁਮੇਧ ਸਿੰਘ ਸੈਣੀ ’ਤੇ ਹੋਏ ਹਮਲੇ ਤੋਂ ਬਾਅਦ ਪ੍ਰੋ. ਭੁੱਲਰ ਦਾ ਪਤਾ ਟਿਕਾਣਾ ਪੁੱਛਣ ਲਈ ਸੈਣੀ ਦੇ ਕਹਿਣ ’ਤੇ ਯੂਟੀ ਪੁਲੀਸ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕਿਆ ਸੀ। ਹਾਲਾਂਕਿ ਅੰਨ੍ਹੇ ਤਸ਼ੱਦਦ ਕਾਰਨ ਮੁਲਤਾਨੀ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਸੀ ਪ੍ਰੰਤੂ ਬਾਅਦ ਵਿੱਚ ਪੁਲੀਸ ਨੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੇ ਮੰਤਵ ਨਾਲ ਬਲਵੰਤ ਮੁਲਤਾਨੀ ਨੂੰ ਪੁਲੀਸ ਹਿਰਾਸਤ ’ਚੋਂ ਫਰਾਰ ਹੋਇਆ ਦਿਖਾ ਕੇ ਕੇਸ ਦੀ ਫਾਈਲ ਬੰਦ ਕਰ ਦਿੱਤੀ ਸੀ।
ਮ੍ਰਿਤਕ ਨੌਜਵਾਨ ਸਨਅਤੀ ਐਂਡ ਸੈਰ ਸਪਾਟਾ ਨਿਗਮ (ਸਿੱਟਕੋ) ਵਿੱਚ ਬਤੌਰ ਜੂਨੀਅਰ ਇੰਜੀਨੀਅਰ ਤਾਇਨਾਤ ਸੀ। ਤਿੰਨ ਦਹਾਕੇ ਪਹਿਲਾਂ 11 ਦਸੰਬਰ 1991 ਨੂੰ ਸਵੇਰੇ ਤੜਕੇ ਕਰੀਬ 4 ਵਜੇ ਯੂਟੀ ਪੁਲੀਸ ਦੇ ਤਤਕਾਲੀ ਡੀਐਸਪੀ ਬਲਦੇਵ ਸਿੰਘ ਸੈਣੀ ਦੀ ਅਗਵਾਈ ਹੇਠ ਵਾਲੀ ਟੀਮ ਉਸ ਨੂੰ ਘਰੋਂ ਚੁੱਕ ਕੇ ਹਾਊਸਫੈੱਡ ਕੰਪਲੈਕਸ ਫੇਜ਼-10 ਵਿੱਚ ਲੈ ਗਈ। ਜਿੱਥੋਂ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਘਰੋਂ ਚੁੱਕਿਆ ਅਤੇ ਤਿੰਨਾਂ ਨੂੰ ਲਿਆ ਕੇ ਸੈਕਟਰ-17 ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ। ਥਾਣੇ ਵਿੱਚ ਇਨ੍ਹਾਂ ਤਿੰਨਾਂ ਨੂੰ ਰੱਸੇ ਨਾਲ ਪੁੱਠਾ ਲਮਕਾ ਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਇੱਥੋਂ ਤੱਕ ਬਿਜਲੀ ਦਾ ਕਰੰਟ ਵੀ ਲਗਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਨੰਗਾ ਕਰਕੇ ਕੁੱਟਿਆਂ ਸੀ। ਇਸ ਦੌਰਾਨ ਬਲਵੰਤ ਮੁਲਤਾਨੀ ਦੇ ਗੁਪਤਾ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਦੋ ਦਿਨਾਂ ਬਾਅਦ 13 ਦਸੰਬਰ ਨੂੰ ਮੁਲਤਾਨੀ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਜਦੋਂ ਪੁਲੀਸ ’ਤੇ ਨੌਜਵਾਨ ਨੂੰ ਚੁੱਕਣ ਸਬੰਧੀ ਦਬਾਅ ਵਧਣਾ ਸ਼ੁਰੂ ਹੋਇਆ ਤਾਂ ਸਾਰਿਆਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ ਕਿ ਪੁਲੀਸ ਮੁਖੀ ਸੁਮੇਧ ਸੈਣੀ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਸਬੰਧੀ 29 ਅਗਸਤ 1991 ਨੂੰ ਸੈਕਟਰ-17 ਦੇ ਥਾਣੇ ਵਿੱਚ ਦਰਜ ਮਾਮਲੇ ਵਿੱਚ ਬਲਵੰਤ ਮੁਲਤਾਨੀ ਵੀ ਨਾਮਜ਼ਦ ਹੈ। ਪੁਲੀਸ ਨੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਜਦੋਂਕਿ ਪੁਲੀਸ ਵਾਰ-ਵਾਰ ਉਨ੍ਹਾਂ ਤੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਬਾਰੇ ਵੀ ਪੁੱਛਦੀ ਰਹੀ। ਇਸ ਮਗਰੋਂ ਪੁਲੀਸ ਨੇ ਰਾਮਪੁਰਾ ਫੂਲ ਤੋਂ ਪ੍ਰੋ. ਭੁੱਲਰ ਦੇ ਸਹੁਰਾ ਕੁਲਤਾਰ ਸਿੰਘ ਨੂੰ ਘਰੋਂ ਚੁੱਕ ਲਿਆ ਅਤੇ ਉਸ ਨੂੰ ਸੀਆਈਏ ਸਟਾਫ਼ ਚੰਡੀਗੜ੍ਹ ਲਿਆ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …