Nabaz-e-punjab.com

ਮੁਲਤਾਨੀ ਅਗਵਾ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰੀ ’ਤੇ ਸਟੇਅ ਬਰਕਰਾਰ

ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਹੋਰਨਾਂ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਹੈ ਅਪਰਾਧਿਕ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਨੇ ਅੱਜ ਫਿਰ ਤੋਂ ਵੱਡੀ ਰਾਹਤ ਦਿੰਦਿਆਂ ਉਨ੍ਹਾਂ (ਸੈਣੀ) ਦੀ ਗ੍ਰਿਫ਼ਤਾਰੀ ’ਤੇ ਸਟੇਅ ਆਰਡਰ ਬਰਕਰਾਰ ਰੱਖਦਿਆਂ ਅਗਲੀ ਸੁਣਵਾਈ 25 ਜੂਨ ’ਤੇ ਪਾ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਇਸ ਬਹੁ-ਚਰਚਿਤ ਕੇਸ ਦੀ ਪੈਰਵੀ ਲਈ ਨਿਯੁਕਤ ਕੀਤੇ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਬਚਾਅ ਪੱਖ ਦੇ ਵਕੀਲ ਐਚਐਸ ਧਨੋਆ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਵਿੱਚ ਭਖਵੀਂ ਬਹਿਸ ਹੋਈ। ਉਂਜ ਸੁਣਵਾਈ ਮੌਕੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਅਤੇ ਜਾਂਚ ਅਧਿਕਾਰੀ ਐਸਐਚਓ ਰਾਜੀਵ ਕੁਮਾਰ ਵੀ ਅਦਾਲਤ ਵਿੱਚ ਹਾਜ਼ਰ ਸਨ।
ਸਰਕਾਰੀ ਵਕੀਲਾਂ ਨੇ ਕਿਹਾ ਕਿ ਹਾਲੇ ਤਾਂ ਸਾਬਕਾ ਡੀਜੀਪੀ ਸੈਣੀ ਦੇ ਖ਼ਿਲਾਫ਼ ਪੁਲੀਸ ਵੱਲੋਂ ਧਾਰਾ 302 ਦੇ ਜੁਰਮ ਦਾ ਵਧਾ ਹੀ ਨਹੀਂ ਕੀਤਾ ਗਿਆ ਹੈ, ਫਿਰ ਪਹਿਲਾਂ ਹੀ ਸਾਬਕਾ ਪੁਲੀਸ ਅਧਿਕਾਰੀ ਦੀ ਸਟੇਅ ਬਰਕਰਾਰ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਹੈ। ਉਂਜ ਵੀ ਪੀੜਤ ਪਰਿਵਾਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸਾਬਕਾ ਡੀਜੀਪੀ ਸੈਣੀ ਤੇ ਹੋਰਨਾਂ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਕੇਸ ਦੀ ਸੁਣਵਾਈ 23 ਜੂਨ ਨੂੰ ਹੋਣੀ ਹੈ। ਬਚਾਅ ਪੱਖ ਦੇ ਵਕੀਲ ਐਚਅੇਸ ਧਨੋਆ ਨੇ ਕਿਹਾ ਕਿ ਕੇਸ ਦੂਜੀ ਅਦਾਲਤ ਵਿੱਚ ਤਬਦੀਲ ਕਰਨ ਬਾਰੇ ਕੇਸ ਜ਼ਰੂਰ ਪੈਂਡਿੰਗ ਹੈ ਪ੍ਰੰਤੂ ਹਾਲੇ ਤੱਕ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਵਾਈ ’ਤੇ ਕੋਈ ਸਟੇਅ ਨਹੀਂ ਦਿੱਤੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਸਟੇਅ ਆਰਡਰ ਬਰਕਰਾਰ ਰੱਖਦਿਆਂ ਅਗਲੀ ਸੁਣਵਾਈ 25 ਜੂਨ ’ਤੇ ਪਾ ਦਿੱਤੀ।
ਜ਼ਿਕਰਯੋਗ ਹੈ ਕਿ ਪਿਛਲੀ ਤਰੀਕ ’ਤੇ ਸਰਕਾਰੀ ਵਕੀਲਾਂ ਦੀ ਮੰਗ ਨੂੰ ਜਾਇਜ਼ ਮੰਨਦਿਆਂ ਸੈਸ਼ਨ ਜੱਜ ਆਰਐਸ ਰਾਏ ਨੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੂੰ ਕਿਹਾ ਗਿਆ ਸੀ ਕਿ ਫਿਲਹਾਲ ਇਸ ਕੇਸ ਬਾਰੇ ਕੋਈ ਅੰਤਿਮ ਫੈਸਲਾ ਨਾ ਲਿਆ ਜਾਵੇ।
ਸੁਮੇਧ ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਇੱਥੋਂ ਦੇ ਫੇਜ਼-7 ਸਥਿਤ ਘਰੋਂ ਜ਼ਬਰਦਸਤੀ ਚੁੱਕ ਕੇ ਤਸ਼ੱਦਦ ਢਾਹੁਣ ਅਤੇ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦਾ ਦੋਸ਼ ਹੈ। ਇਸ ਸਬੰਧੀ ਸੁਮੇਧ ਸੈਣੀ ਤੇ ਹੋਰਨਾਂ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 364, 201, 344, 330 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੈਣੀ ਸਮੇਤ ਇਸ ਮਾਮਲੇ ਵਿੱਚ ਨਾਮਜ਼ਦ ਚਾਰ ਹੋਰ ਮੁਲਜ਼ਮ ਹਰ ਸਹਾਏ ਸ਼ਰਮਾ ਵਾਸੀ ਸੈਕਟਰ-51ਡੀ, ਜਗੀਰ ਸਿੰਘ ਵਾਸੀ ਸੈਕਟਰ-51, ਅਨੌਖ ਸਿੰਘ ਵਾਸੀ ਸੈਕਟਰ-21 ਅਤੇ ਕੁਲਦੀਪ ਸਿੰਘ ਸੰਧੂ ਵਾਸੀ ਮਨੀਮਾਜਰਾ ਵੀ ਜ਼ਮਾਨਤ ’ਤੇ ਹਨ। ਇਹ ਚਾਰੇ ਮੁਲਜ਼ਮ ਯੂਟੀ ਪੁਲੀਸ ’ਚੋਂ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹਨ ਅਤੇ ਚੰਡੀਗੜ੍ਹ ਵਿੱਚ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੇ ਚਹੇਤੇ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …