Nabaz-e-punjab.com

ਮੁਲਤਾਨੀ ਅਗਵਾ ਕੇਸ: ਪੰਜਾਬ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧੀਆਂ

ਮੁਹਾਲੀ ਅਦਾਲਤ ਵੱਲੋਂ ਦੋ ਸਾਬਕਾ ਇੰਸਪੈਕਟਰਾਂ ਦੀ ਵਾਅਦਾ ਮੁਆਫ਼ ਗਵਾਹ ਬਣਨ ਦੀ ਅਪੀਲ ਮਨਜ਼ੂਰ

ਸੈਣੀ ’ਤੇ ਮੁਹਾਲੀ ’ਚੋਂ 29 ਸਾਲ ਪਹਿਲਾਂ ਨੌਜਵਾਨ ਨੂੰ ਘਰੋਂ ਅਗਵਾ ਕਰਕੇ ਲਿਜਾਉਣ ਤੇ ਮਗਰੋਂ ਗਾਇਬ ਕਰਨ ਦਾ ਦੋਸ਼

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਮੁਹਾਲੀ ’ਚੋਂ 29 ਸਾਲ ਪਹਿਲਾਂ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਅਦਾਲਤ ਨੇ ਸੈਣੀ ਦੇ ਚਹੇਤੇ ਯੂਟੀ ਪੁਲੀਸ ਦੇ ਦੋ ਸਾਬਕਾ ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਨੂੰ ਵਾਅਦਾ ਮੁਆਫ਼ ਗਵਾਹ ਬਣਾ ਲਿਆ ਗਿਆ ਹੈ। ਅੱਜ ਇਨ੍ਹਾਂ ਦੋਵਾਂ ਨੇ ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਦੀਪਿਕਾ ਸਿੰਘ ਦੀ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ।
ਕਿਸੇ ਸਮੇਂ ਸੈਣੀ ਦੇ ਚਹੇਤੇ ਰਹੇ ਇਨ੍ਹਾਂ ਅਫ਼ਸਰਾਂ ਨੇ ਆਪਣੇ ਬਿਆਨਾਂ ਵਿੱਚ ਪੂਰੇ ਘਟਨਾਕ੍ਰਮ ’ਤੇ ਰੌਸ਼ਨੀ ਪਾਉਂਦਿਆਂ ਅਦਾਲਤ ਨੂੰ ਦੱਸਿਆ ਕਿ 1991 ਵਿੱਚ ਚੰਡੀਗੜ੍ਹ ਵਿੱਚ ਐਸਐਸਪੀ ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੇ ਕਾਫ਼ਲੇ ਉੱਤੇ ਹੋਏ ਬੰਬ ਧਮਾਕੇ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਪੁਲੀਸ ਕਰਮਚਾਰੀ ਮਾਰੇ ਗਏ ਸੀ ਜਦੋਂਕਿ ਸੈਣੀ ਤੇ ਕੁੱਝ ਹੋਰ ਪੁਲੀਸ ਜਵਾਨ ਜ਼ਖ਼ਮੀ ਹੋ ਗਏ ਸੀ। ਉਦੋਂ ਸੈਣੀ ’ਤੇ ਕਹਿਣ ’ਤੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਸਥਿਤ ਉਸ ਦੇ ਘਰੋਂ ਚੁੱਕ ਕੇ ਸੈਕਟਰ-17 ਦੇ ਥਾਣੇ ਵਿੱਚ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਉੱਤੇ ਸੈਣੀ ਦੀ ਮੌਜੂਦਗੀ ਵਿੱਚ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਮੁਲਤਾਨੀ ਦੀ ਥਾਣੇ ਵਿੱਚ ਕੀਤੀ ਗਈ ਕੁੱਟਮਾਰ ਦੌਰਾਨ ਹੀ ਮੌਤ ਹੋ ਗਈ ਸੀ। ਇਸ ਮਗਰੋਂ ਨੌਜਵਾਨ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵੱਖ-ਵੱਖ ਪੁਲੀਸ ਅਫ਼ਸਰਾਂ ਦੀਆਂ ਡਿਊਟੀਆਂ ਗਈਆਂ। ਇਹੀ ਨਹੀਂ ਪੁਲੀਸ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਕਾਦੀਆ (ਗੁਰਦਾਸਪੁਰ) ਥਾਣੇ ਵਿੱਚ ਝੂਠਾ ਕੇਸ ਦਰਜ ਕਰਕੇ ਇਹ ਦਰਸਾਇਆ ਗਿਆ ਕਿ ਮੁਲਤਾਨੀ ਪੁਲੀਸ ਹਿਰਾਸਤ ’ਚੋਂ ਭੱਜ ਗਿਆ ਹੈ। ਇਸ ਸਬੰਧੀ ਯੂਟੀ ਪੁਲੀਸ ਦੀ ਟੀਮ ਨੇ ਚੰਡੀਗੜ੍ਹ ਵਿੱਚ ਵੀ ਡੀਡੀਆਰ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਉਦੋਂ ਪੁਲੀਸ ਵੱਲੋਂ ਮੁਲਤਾਨੀ ਕੇਸ ਨੂੰ ਸਰਕਾਰੀ ਫਾਈਲਾਂ ਵਿੱਚ ਦਫਨ ਕਰ ਦਿੱਤਾ ਗਿਆ। ਉਨ੍ਹਾਂ ਨੂੰ ਵੀ ਇਸ ਪੂਰੇ ਸਿਸਟਮ ਦਾ ਹਿੱਸਾ ਬਣਾਇਆ ਗਿਆ ਸੀ।
ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਸਾਬਕਾ ਅਫ਼ਸਰਾਂ ਨੇ ਆਪਣੇ ਬਿਆਨਾਂ ਵਿੱਚ ਸਪੱਸ਼ਟ ਕੀਤਾ ਕਿ ਮੁਲਤਾਨੀ ਨੂੰ ਅੰਨੇਵਾਹ ਅਣਮਨੁੱਖੀ ਤਸਹੀੇ ਦਿੱਤੇ ਗਏ। ਸੈਣੀ ਦੇ ਕਹਿਣ ’ਤੇ ਪੁਲੀਸ ਨੇ ਲੱਕੜ ਦਾ ਡੰਡਾ ਘੜ ਕੇ ਮੁਲਤਾਨੀ ਦੇ ਸਰੀਰ ਵਿੱਚ ਹਲਕ ਤੱਕ ਠੁੱਸ ਦਿੱਤਾ ਅਤੇ ਉਸ ਦੇ ਸਰੀਰ ’ਚੋਂ ਖੂਨ ਚਲਣਾ ਸ਼ੁਰੂ ਹੋ ਗਿਆ। ਇਹ ਸਾਰਾ ਕੁੱਝ ਉਨ੍ਹਾਂ ਨੇ ਆਪਣੀ ਅੱਖੀ ਦੇਖਿਆ ਹੈ। ਮੁਲਤਾਨੀ ਦਰਦ ਨਾਲ ਕੁਰਲਾਉਂਦਾ ਰਿਹਾ ਅਤੇ ਅਖੀਰ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਵੀ ਕਈ ਚਸਮਦੀਦ ਗਵਾਹ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚ ਇਕ ਹਾਈ ਕੋਰਟ ਦੀ ਸੀਨੀਅਰ ਮਹਿਲਾ ਵਕੀਲ ਵੀ ਸ਼ਾਮਲ ਹੈ। ਉਸ ਨੇ ਵੀ ਆਪਣੇ ਬਿਆਨਾ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਸੈਣੀ ਦੀ ਮੌਜੂਦਗੀ ਵਿੱਚ ਯੂਟੀ ਪੁਲੀਸ ਨੇ ਮੁਲਤਾਨੀ ਉੱਤੇ ਤਸ਼ੱਦਦ ਢਾਹਿਆ ਗਿਆ ਸੀ ਅਤੇ ਉਹ ਚੱਲਣ ਫਿਰਨ ਤੋਂ ਵੀ ਲਾਚਾਰ ਸੀ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮਾਂ ਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ (69) ਵਾਸੀ ਸੈਕਟਰ-51ਡੀ, ਜਗੀਰ ਸਿੰਘ (70) ਵਾਸੀ ਸੈਕਟਰ-51, ਅਨੋਖ ਸਿੰਘ (65) ਵਾਸੀ ਸੈਕਟਰ-21 ਅਤੇ ਕੁਲਦੀਪ ਸਿੰਘ ਸੰਧੂ (66) ਵਾਸੀ ਮਨੀਮਾਜਰਾ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 364, 201, 344, 330, 219 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਤੇ 11 ਦਸੰਬਰ 1991 ਨੂੰ ਸਵੇਰੇ ਤੜਕੇ 4 ਵਜੇ ਇੱਥੋਂ ਦੇ ਫੇਜ਼-7 ਸਥਿਤ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿੱਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਅਤੇ ਬਾਅਦ ਵਿੱਚ ਗਾਇਬ ਕਰ ਦੇਣ ਦਾ ਦੋਸ਼ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…