Nabaz-e-punjab.com

ਮੁਹਾਲੀ ਸਮੇਤ ਨੇੜਲੇ ਪਿੰਡਾਂ ਵਿੱਚ ਧੜਾਧੜ ਉਸਾਰੀਆਂ ਜਾ ਰਹੀਆਂ ਹਨ ਬਹੁਮੰਜ਼ਿਲਾਂ ਇਮਾਰਤਾਂ

ਪਿੰਡ ਬਲੌਂਗੀ ਦੇ ਵਸਨੀਕਾਂ ਵੱਲੋਂ ਡੀਸੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਬਹੁ ਮੰਜ਼ਿਲਾਂ ਉਸਾਰੀਆਂ ’ਤੇ ਰੋਕ ਲਗਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਮੁਹਾਲੀ ਸ਼ਹਿਰ ਅਤੇ ਪੈਰੀਫੇਰੀ ਐਕਟ ਅਧੀਨ ਆਉਂਦੇ ਨਜ਼ਦੀਕੀ ਪਿੰਡਾਂ ਵਿੱਚ ਸਰਕਾਰੀ ਨੇਮਾਂ ਦੇ ਉਲਟ ਬਹੁਮੰਜ਼ਿਲਾਂ ਇਮਾਰਤਾਂ ਦੀ ਧੜਾਧੜ ਹੋ ਰਹੀ ਉਸਾਰੀਆਂ ਦਾ ਪਿੰਡਾਂ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਰੀਬ 5 ਤੋਂ 7 ਮੰਜ਼ਿਲ ਉੱਚੀਆਂ ਇਨ੍ਹਾਂ ਇਮਾਰਤਾਂ ਵਿੱਚ ਜ਼ਿਆਦਾਤਰ ਪੀਜੀ, ਕੋਚਿੰਗ ਸੈਂਟਰਾਂ ਜਾਂ ਹੋਟਲ ਆਦਿ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਅਜਿਹੀਆਂ ਇਮਾਰਤਾਂ ਵਿੱਚ ਕਾਰੋਬਾਰ ਚਲਾਉਣ ਵਾਲੇ ਵਿਅਕਤੀਆਂ ਵੱਲੋਂ ਨਾ ਤਾਂ ਵਾਹਨ ਪਾਰਕਿੰਗ ਲਈ ਲੋੜੀਂਦੀ ਥਾਂ ਛੱਡੀ ਗਈ ਹੈ ਅਤੇ ਨਾ ਹੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਉਧਰ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦਸਮੇਸ਼ ਕਲੋਨੀ ਬਲੌਂਗੀ ਦੇ ਪ੍ਰਧਾਨ ਅਮਰਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪਿੰਡ ਬਲੌਂਗੀ ਦੇ ਵਸਨੀਕਾਂ ਪੁਸ਼ਪਿੰਦਰ ਸਿੰਘ, ਹਰਜੀਤ ਸਿੰਘ, ਕਰਮਜੀਤ ਸਿੰਘ ਧਨੋਆ, ਤਰਲੋਚਨ ਸਿੰਘ ਅਤੇ ਰਾਜੇਸ਼ ਰਾਏ ਅਤੇ ਕੁਝ ਹੋਰਨਾਂ ਵਿਅਕਤੀਆਂ ਨੇ ਅੱਜ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਮੁਲਾਕਾਤ ਕਰਕੇ ਬਲੌਂਗੀ ਵਿੱਚ ਧੜਾਧੜ ਉਸਾਰੀਆਂ ਜਾ ਰਹੀਆਂ ਬਹੁ-ਮੰਜ਼ਿਲਾਂ ਇਮਾਰਤਾਂ ਦੇ ਨਿਰਮਾਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਡੀਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਗਮਾਡਾ ਅਤੇ ਬੀਡੀਪੀਓ ਦਫ਼ਤਰੀ ਸਟਾਫ਼ ’ਤੇ ਵੀ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਪੰਜਾਬ ਮੁੱਖ ਸਕੱਤਰ, ਗਮਾਡਾ ਅਤੇ ਪੁੱਡਾ ਦੇ ਮੁੱਖ ਪ੍ਰਸ਼ਾਸਕਾਂ ਨੂੰ ਪੱਤਰ ਲਿਖ ਕੇ ਰਿਹਾਇਸ਼ੀ ਖੇਤਰ ਵਿੱਚ ਬਹੁ-ਮੰਜ਼ਿਲਾਂ ਇਮਾਰਤਾਂ ਦੀ ਉਸਾਰੀ ਅਤੇ ਇਨ੍ਹਾਂ ਇਮਾਰਤਾਂ ਵਿੱਚ ਚਲ ਰਹੇ ਕੋਚਿੰਗ ਸੈਂਟਰਾਂ ਅਤੇ ਪੀਜੀ ਕੇਂਦਰਾਂ ਨੂੰ ਤੁਰੰਤ ਬੰਦ ਕਰਾਉਣ ਦੀ ਮੰਗ ਕੀਤੀ ਹੈ।
ਸ੍ਰੀ ਰੰਧਾਵਾ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਬਲੌਂਗੀ ਵਿੱਚ 5 ਤੋਂ 7 ਮੰਜ਼ਿਲਾਂ ਇਮਾਰਤਾਂ ਬਣਾਈਆ ਜਾ ਰਹੀਆਂ ਹਨ ਅਤੇ ਕੁਝ ਇਮਾਰਤਾਂ ਬਣ ਵੀ ਚੱੁਕੀਆਂ ਹਨ। ਇਹੀ ਨਹੀਂ ਅਜਿਹੀਆਂ ਇਮਾਰਤਾਂ ਵਿੱਚ ਬੇਸਮੈਂਟ ਦੀ ਉਸਾਰੀ ਵੀ ਕੀਤੀ ਜਾਂਦੀ ਹੈ ਅਤੇ ਗਰਾਉਂਡ ਫਲੌਰ ’ਤੇ ਸ਼ੋਅਰੂਮ ਬਣਾ ਕੇ ਉੱਪਰਲੀਆਂ ਮੰਜ਼ਿਲਾਂ ਵਿੱਚ ਪੀਜੀ ਜਾਂ ਹੋਰ ਕਾਰੋਬਾਰੀ ਦਫ਼ਤਰ ਚਲਾ ਜਾ ਰਹੇ ਹਨ। ਇਨ੍ਹਾਂ ਇਮਾਰਤਾਂ ਅੱਗੇ ਪਾਰਕਿੰਗ ਦੀ ਢੁਕਵੀਂ ਥਾਂ ਵੀ ਨਹੀਂ ਛੱਡੀ ਗਈ ਹੈ। ਜਿਸ ਕਾਰਨ ਗਲੀਆਂ ਵਿੱਚ ਵਾਹਨ ਖੜ੍ਹਾਉਣ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ ਅਤੇ ਕਈ ਵਾਰ ਝਗੜੇ ਵੀ ਹੋ ਚੁੱਕੇ ਹਨ।
ਪਿੰਡ ਵਾਸੀਆਂ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਉਹ ਅਣਅਧਿਕਾਰਤ ਬਹੁਮੰਜ਼ਿਲਾਂ ਇਮਾਰਤਾਂ ਦੇ ਖ਼ਿਲਾਫ਼ ਸਾਲ 2013 ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸ ਸਬੰਧੀ ਕਈ ਵਾਰ ਪੰਚਾਇਤਾਂ ਵੱਲੋਂ ਮਤਾ ਪਾਸ ਕਰਕੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਲਈ ਭੇਜੇ ਜਾ ਚੁੱਕੇ ਪ੍ਰੰਤੂ ਪਿੰਡ ਬਲੌਂਗੀ ਵਿੱਚ ਬਹੁਮੰਜ਼ਲਾਂ ਇਮਾਰਤਾਂ ਦੀ ਉਸਾਰੀ ਦਾ ਕੰਮ ਪਹਿਲਾਂ ਵਾਂਗ ਜਾਰੀ ਹੈ। ਉਨਾਂ ਦੋਸ਼ ਲਾਇਆ ਕਿ ਇਹ ਇਮਾਰਤਾਂ ਸਰਕਾਰੀ ਨੇਮਾਂ ਦੀ ਉਲੰਘਣਾ ਕਰਕੇ ਬਣਾਈਆਂ ਜਾ ਰਹੀਆਂ ਹਨ। ਉਧਰ, ਪਿੰਡ ਸੋਹਾਣਾ, ਕੁੰਭੜਾ ਅਤੇ ਮਟੌਰ ਵਿੱਚ ਵੀ ਅਜਿਹੀਆਂ ਇਮਾਰਤਾਂ ਦੀ ਉਸਾਰੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕੀ ਇਮਾਰਤੀ ਨਿਯਮਾਂ ਅਨੁਸਾਰ ਰਿਹਾਇਸ਼ੀ ਖੇਤਰ ਦੀ ਕਿਸੇ ਵੀ ਇਮਾਰਤ ਦੀ ਉਚਾਈ 35 ਤੋਂ 40 ਫੁੱਟ ਰੱਖੀ ਜਾ ਸਕਦੀ ਹੈ ਅਤੇ ਇਮਾਰਤ ਦੇ ਅੱਗੇ ਅਤੇ ਪਿੱਛੇ ਵਿਹੜੇ ਦੀ ਥਾਂ ਛੱਡਣੀ ਜ਼ਰੂਰੀ ਹੁੰਦੀ ਹੈ। ਪ੍ਰੰਤੂ ਇਹ ਇਮਾਰਤ 60 ਤੋਂ 70 ਫੁੱਟ ਤੋਂ ਵੀ ਉੱਚੀਆਂ ਬਣ ਰਹੀਆ ਹਨ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸ੍ਰੀ ਸ਼ਰਮਾ ਨੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਫਿਰ ਗਮਾਡਾ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ। ਇਸ ਮਗਰੋਂ ਪਿੰਡ ਵਾਸੀਆਂ ਦਾ ਵਫ਼ਦ ਗਮਾਡਾ ਦੇ ਅਸਟੇਟ ਅਫ਼ਸਰ ਨੂੰ ਮਿਲਿਆ। ਜਿਨ੍ਹਾਂ ਨੇ ਹੇਠਲੇ ਸਟਾਫ਼ ਦੀ ਕਾਫ਼ੀ ਝਾੜ-ਝੰਬ ਕੀਤੀ। ਸ਼ਿਕਾਇਤਕਰਤਾਵਾਂ ਨੇ ਡੀਸੀ ਅਤੇ ਗਮਾਡਾ ਅਧਿਕਾਰੀ ਨੂੰ ਇਕ ਜੇਈ ਦੀ ਫੋਟੋ ਵੀ ਦਿਖਾਈ ਗਈ। ਜਿਸ ਵਿੱਚ ਗਮਾਡਾ ਦਾ ਇਕ ਜੇਈ ਰਾਤ ਵੇਲੇ ਇਕ ਬਹੁਮੰਜ਼ਿਲਾਂ ਇਮਾਰਤ ਦਾ ਲੈਂਟਰ ਪਾਉਣ ਸਮੇਂ ਮੌਕੇ ’ਤੇ ਖੜਾ ਦਿਖਾਈ ਦੇ ਰਿਹਾ ਹੈ। ਅਸਟੇਟ ਅਫ਼ਸਰ ਨੇ ਸਟਾਫ਼ ਨੂੰ ਸਖ਼ਤੀ ਨਾਲ ਆਖਿਆ ਕਿ 10 ਜੂਨ ਨਾਲ ਪੜਤਾਲੀਆਂ ਰਿਪੋਰਟ ਉਨ੍ਹਾਂ ਨੂੰ ਸੌਂਪੀ ਜਾਵੇ। ਉਨ੍ਹਾਂ ਵਫ਼ਦ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
(ਬਾਕਸ ਆਈਟਮ)
ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਬੇਸਮੈਂਟਾਂ ਵਿੱਚ ਕਾਰੋਬਾਰ ਚਲ ਰਹੇ ਹਨ। ਬੇਸਮੈਂਟਾਂ ਵਿੱਚ ਭਿਆਨਕ ਅੱਗ ਲੱਗਣ ਦੀ ਸੂਰਤ ਵਿੱਚ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ ਲੇਕਿਨ ਇਸ ਪਾਸੇ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਅਤੇ ਨਾ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਧਿਆਨ ਦੇ ਰਹੇ ਹਨ। ਮੁਹਾਲੀ ਦੇ ਇਕ ਤਤਕਾਲੀ ਐਸਡੀਐਮ ਨੇ ਕਾਫੀ ਸਮਾਂ ਪਹਿਲਾਂ ਪੁਰਾਣੇ ਡੀਸੀ ਦਫ਼ਤਰ ਨੇੜੇ ਬੇਸਮੈਂਟ ਵਿੱਚ ਚਲ ਰਹੇ ਨਰਸਿੰਗ ਹੋਮ ਕਮ ਲੈਬਾਰਟਰੀ ਅਤੇ ਐਕਸ-ਰੇਅ ਯੂਨਿਟ ਦਾ ਗੰਭੀਰ ਨੋਟਿਸ ਲੈਂਦਿਆਂ ਫਾਇਰ ਬ੍ਰਿਗੇਡ ਵਿਭਾਗ ਨੂੰ ਬਣਦੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਮੌਕੇ ’ਤੇ ਜਾ ਕੇ ਜਾਂਚ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਬੇਸਮੈਂਟਾਂ ਵਿੱਚ ਕਾਰੋਬਾਰ ਕਰਨ ਵਾਲੇ ਵਿਅਕਤੀ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ? ਅਧਿਕਾਰੀ ਨੇ ਕਿਹਾ ਕਿ ਐਕਸ-ਰੇਅ ਮਸ਼ੀਨ ’ਚੋਂ ਖ਼ਤਰਕਾਰ ਜ਼ਹਿਰਲੀਆਂ ਗੈਸਾਂ ਨਿਕਲਦੀਆਂ ਹਨ, ਜੇਕਰ ਕਿਸੇ ਤਕਨੀਕੀ ਖ਼ਰਾਬੀ ਕਾਰਨ ਬਲਾਸਟ ਹੋ ਜਾਵੇ ਤਾਂ ਵੱਡਾ ਦੁਖਾਂਤ ਵਾਪਰ ਸਕਦਾ ਹੈ ਕਿਉਂਕਿ ਬੇਸਮੈਂਟਾਂ ਵਿੱਚ ਆਉਣ ਜਾਣ ਵਾਲਾ ਰਸਤਾ ਕੇਵਲ ਇਕ ਹੀ ਹੈ। ਭਗਦੜ ਮਚਨ ਕਾਰਨ ਵੱਡਾ ਹਾਦਸਾ ਵਾਪਰਨ ਦਾ ਖ਼ਦਸਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…