ਸਰਕਾਰੀ ਭਰੋਸੇ ਮਗਰੋਂ ਮਲਟੀਪਰਪਜ਼ ਹੈਲਥ ਵਰਕਰਾਂ ਦਾ ਮਰਨ ਵਰਤ ਖ਼ਤਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਪ੍ਰੋਬੇਸ਼ਨਰ ਸਿਹਤ ਕਰਮਚਾਰੀ (ਮੇਲ) ਵੱਲੋਂ ਮੁਹਾਲੀ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਮੰਗਲਵਾਰ ਨੂੰ ਸੱਤਵੇਂ ਦਿਨ ਸਰਕਾਰੀ ਭਰੋਸੇ ਮਗਰੋਂ ਖ਼ਤਮ ਹੋ ਗਈ। ਹੱਡ ਚੀਰਵੀਂ ਠੰਢ ਵਿੱਚ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ, ਜਤਿਨ ਸ਼ਰਮਾ, ਲਖਵੰਤ ਸਿੰਘ ਮਰਨ ਵਰਤ ’ਤੇ ਬੈਠੇ ਸਨ।
ਇਸ ਸਬੰਧੀ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਸੇਵਾਵਾਂ ਵਿਭਾਗ ਦੀ ਡਾਇਰੈਕਟਰ ਡਾ. ਪ੍ਰਭਦੀਪ ਕੌਰ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਮਰਨ ਵਰਤ ’ਤੇ ਬੈਠੇ ਸਿਹਤ ਕਾਮਿਆਂ ਨੂੰ ਜੂਸ ਪਿਲਾ ਕੇ ਹੜਤਾਲ ਖ਼ਤਮ ਕਰਵਾਈ ਅਤੇ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਦੀ ਤਕਨੀਕੀ ਗਲਤੀ ਨੂੰ ਦਰੁਸਤ ਕਰਵਾ ਕੇ 1263 ਮਲਟੀਪਰਪਜ਼ ਹੈਲਥ ਵਰਕਰਾਂ ਦਾ ਪਰਖ ਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇਗਾ। ਅਧਿਕਾਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਭਲਕੇ 23 ਦਸੰਬਰ ਨੂੰ ਸਵੇਰੇ 10 ਵਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਕਰਵਾਈ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਿਹਤ ਕਾਮਿਆਂ ਦਾ ਪਰਖ ਕਾਲ ਸਮਾਂ ਘਟਾਉਣ ਵਾਲੀ ਮੰਗ 15 ਦਿਨਾਂ ਦੇ ਅੰਦਰ ਅੰਦਰ ਪੂਰੀ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਕਾਮੇ ਕਰੋਨਾ ਮਹਾਮਾਰੀ ਦੌਰਾਨ ਸਾਲ ਭਰ ਤੋਂ ਦਿਨ ਰਾਤ ਫਰੰਟ ਲਾਈਨ ’ਤੇ ਕਰੋਨਾ ਯੋਧੇ ਬਣ ਸਿਰਫ਼ ਬੇਸਿਕ ਪੇਅ (10300 ਰੁਪਏ ਪ੍ਰਤੀ ਮਹੀਨਾ) ਤਨਖ਼ਾਹ ’ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ। ਕੋਵਿਡ ਮਹਾਮਾਰੀ ਕਾਰਨ ਪੰਜਾਬ ਵਿੱਚ ਐਪੀਡੈਮਿਕ ਐਕਟ ਲਾਗੂ ਹੈ ਅਤੇ ਸਮੁੱਚੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਿਹਤ ਕਰਮੀ ਨਿਗੂਣੀਆਂ ਤਨਖ਼ਾਹਾਂ ਮਿਲਣ ਦੇ ਬਾਵਜੂਦ 24 ਘੰਟੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਦੇ ਕਈ ਸਾਥੀ ਡਿਊਟੀ ਦੌਰਾਨ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਸਿਹਤ ਮੰਤਰੀ ਦੇ ਵਾਅਦੇ ਵਫ਼ਾ ਨਾ ਹੋਣ ਕਾਰਨ ਸਮੁੱਚੇ ਪੰਜਾਬ ਭਰ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Load More Related Articles

Check Also

ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦ: ਕਟਾਰੀਆ

ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦ: ਕਟਾਰੀਆ ਵਿਸ਼ਵ ਸ਼ਹਿ…