ਸਿਵਲ ਸਰਜਨ ਦਫ਼ਤਰ ਦੇ ਬਾਹਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਮਰਨ ਵਰਤ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਪ੍ਰੋਬੇਸ਼ਨਰ ਸਿਹਤ ਕਰਮਚਾਰੀ (ਮੇਲ) ਵੱਲੋਂ ਮੁਹਾਲੀ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਭੁੱਖ-ਹੜਤਾਲ ਅੱਜ ਮਰਨ ਵਰਤ ਵਿੱਚ ਤਬਦੀਲ ਹੋ ਗਈ। ਅੱਜ ਤਿੰਨ ਪ੍ਰਦਰਸ਼ਨਕਾਰੀ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ, ਜਤਿਨ ਸ਼ਰਮਾ, ਲਖਵੰਤ ਸਿੰਘ ਮਰਨ ਵਰਤ ’ਤੇ ਬੈਠੇ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ। ਅੱਜ ਜ਼ਿਲ੍ਹਾ ਮੁਹਾਲੀ, ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਹਤ ਕਰਮਚਾਰੀ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਿਹਤ ਮੰਤਰੀ ਵੱਲੋਂ ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੇ ਭਰੋਸੇ ’ਤੇ ਕਰੋਨਾ ਮਹਾਮਾਰੀ ਦੌਰਾਨ ਸਾਲ ਭਰ ਤੋਂ ਦਿਨ ਰਾਤ ਫਰੰਟ ਲਾਈਨ ’ਤੇ ਕਰੋਨਾ ਯੋਧੇ ਬਣ ਸਿਰਫ਼ ਬੇਸਿਕ ਪੇਅ (10300 ਰੁਪਏ ਪ੍ਰਤੀ ਮਹੀਨਾ) ਤਨਖ਼ਾਹ ’ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ। ਕੋਵਿਡ ਮਹਾਮਾਰੀ ਕਾਰਨ ਪੰਜਾਬ ਵਿੱਚ ਐਪੀਡੈਮਿਕ ਐਕਟ ਲਾਗੂ ਹੈ ਅਤੇ ਸਮੁੱਚੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਿਹਤ ਕਰਮੀ ਨਿਗੂਣੀਆਂ ਤਨਖ਼ਾਹਾਂ ਮਿਲਣ ਦੇ ਬਾਵਜੂਦ 24 ਘੰਟੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਫਾਲੋਅਪ, ਕੰਟੈਕਟ ਟਰੈਸਿੰਗ, ਸੈਂਪਲਿੰਗ ਕਾਰਜ ਨੇਪਰੇ ਚੜ੍ਹਾਉਣ, ਏਅਰਪੋਰਟ ਡਿਊਟੀਆਂ, ਵੀਆਈਪੀ ਅਤੇ ਵੀਵੀਆਈਪੀ ਡਿਊਟੀਆਂ, ਕੰਟਰੋਲ ਰੂਮ ਡਿਊਟੀਆਂ, ਹਰ ਤਰ੍ਹਾਂ ਦੀ ਮੁੱਢਲੀ ਸਕਰੀਨਿੰਗ ਡਿਊਟੀ ਦੇ ਨਾਲ-ਨਾਲ ਕੰਟੇਨਮੈਂਟ ਜ਼ੋਨ ਅਤੇ ਕੋਵਿਡ ਮ੍ਰਿਤਕ ਸਰੀਰਾਂ ਦੇ ਅੰਤਿਮ ਸੰਸਕਾਰ ਆਦਿ ਗਤੀਵਿਧੀਆਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਕਰ ਰਹੇ ਹਨ। ਇਹੀ ਇਹੀ ਉਨ੍ਹਾਂ ਦੇ ਕਈ ਸਾਥੀ ਡਿਊਟੀ ਦੌਰਾਨ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਧਰਨਾਕਾਰੀਆਂ ਨੇ ਸਿਹਤ ਮੰਤਰੀ ਦੇ ਵਾਅਦੇ ਵਫ਼ਾ ਨਾ ਹੋਣ ਕਾਰਨ ਸਮੁੱਚੇ ਪੰਜਾਬ ਭਰ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਖ ਕਾਲ ਦਾ ਸਮਾਂ 2 ਸਾਲ ਕਰਨ ਸਬੰਧੀ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਨਹੀਂ ਕੀਤਾ ਜਾਂਦਾ। ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸੂਬੇ ਦੀਆਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਕੇ ਸੂਬੇ ਦੀਆਂ ਸਿਹਤ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਰਨ ਵਰਤ ’ਤੇ ਬੈਠੇ ਵਰਕਰਾਂ ਦੀ ਸਿਹਤ ਵਿਗੜਦੀ ਹੈ ਤਾਂ ਸਿਹਤ ਮੰਤਰੀ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…