
ਮੁਹਾਲੀ ਨਗਰ ਨਿਗਮ ਨੇ 4.35 ਕਰੋੜ ਰੁਪਏ ’ਚ ਦਿੱਤਾ ਡੰਪਿੰਗ ਗਰਾਊਂਡ ਦਾ ਠੇਕਾ
ਸਨਅਤਕਾਰਾਂ ਅਤੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਕੂੜੇ ਤੋਂ ਨਿਜਾਤ:ਜੀਤੀ ਸਿੱਧੂ
ਚੱਪੜਚਿੜੀ ਜੰਗੀ ਯਾਦਗਾਰ ਦਾ ਆਲਾ ਦੁਆਲਾ ਵੀ ਬਣਾਇਆ ਜਾਵੇਗਾ ਖੂਬਸੂਰਤ
ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਕਮਿਸ਼ਨਰ ਨੇ ਲਿਆ ਡੰਪਿੰਗ ਗਰਾਊਂਡ ਦਾ ਜਾਇਜ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਹੁਦਾ ਸੰਭਾਲਣ ਤੋਂ ਬਾਅਦ ਪੂਰੇ ਐਕਸ਼ਨ ਵਿੱਚ ਆ ਗਏ ਹਨ। ਬੀਤੇ ਦਿਨੀਂ ਉਨ੍ਹਾਂ ਨੇ ਸੀਵਰੇਜ ਪ੍ਰਾਜੈਕਟ ਦਾ ਜਾਇਜ਼ਾ ਲੈਣ ਮੌਕੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ, ਉੱਥੇ ਅੱਜ ਉਨ੍ਹਾਂ ਨੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ ਅਤੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਠੇਕੇਦਾਰ ਕੰਪਨੀ ਈਕੋ ਸਟੈਨ ਵੱਲੋਂ ਡੰਪਿੰਗ ਗਰਾਊਂਡ ਵਿੱਚ ਦੋ ਤੋਂ ਤਿੰਨ ਲੱਖ ਟਨ ਕੂੜੇ ਨੂੰ ਇਕ ਸਾਲ ਦੇ ਅੰਦਰ ਪ੍ਰੋਸੈਸ ਕਰਕੇ ਗਰਾਊਂਡ ਦੀ ਸਫ਼ਾਈ ਕੀਤੀ ਜਾਵੇਗੀ ਤਾਂ ਜੋ ਸਨਅਤੀ ਅਤੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਕੂੜਾ ਕਰਕਟ ਅਤੇ ਬਦਬੂ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਦਾ ਅੱਜ ਵਰਕ ਆਰਡਰ ਦਿੱਤਾ ਜਾਵੇ ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਇੱਥੇ ਮਸ਼ੀਨਾਂ ਇੰਸਟਾਲ ਕਰਵਾ ਕੇ ਕੰਮ ਚਾਲੂ ਕਰਵਾਇਆ ਜਾਵੇ।
ਇਸ ਮੌਕੇ ਨਿਗਮ ਅਧਿਕਾਰੀਆਂ ਨੇ ਮੇਅਰ ਨੂੰ ਦੱਸਿਆ ਕਿ ਇਕੋ ਸਟੈਨ ਕੰਪਨੀ ਵੱਲੋਂ ਇੱਥੇ ਦੋ ਵੱਡੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਨ੍ਹਾਂ ਰਾਹੀਂ ਹਰ ਘੰਟੇ 50 ਟਨ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤਰ੍ਹਾਂ ਇੱਕ ਦਿਨ ਵਿੱਚ ਲਗਪਗ 600 ਟਨ ਕੂੜਾ ਚੁੱਕਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਨੂੰ ਅੱਜ ਹੀ ਵਰਕ ਆਰਡਰ ਦਿੱਤਾ ਜਾ ਰਿਹਾ ਹੈ। ਕੰਪਨੀ ਨੇ 9 ਫੀਸਦੀ ਲੈੱਸ ’ਤੇ 4.35 ਕਰੋੜ ਵਿੱਚ ਇਹ ਕੰਮ ਹਾਸਲ ਕੀਤਾ ਹੈ।
ਜੀਤੀ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਾਲ ਦੇ ਅੰਦਰ ਅੰਦਰ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਸਮੁੱਚੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰੀ ਚੱਪੜਚਿੜੀ ਦਾ ਆਲਾ ਦੁਆਲਾ ਵੀ ਖੂਬਸੂਰਤ ਬਣਾਇਆ ਜਾਵੇਗ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਨਗਰ ਨਿਗਮ ਦੇ ਸਮੂਹ ਵਿਕਾਸ ਕਾਰਜਾਂ ਨੂੰ ਤੇਜ਼ੀ ਅਤੇ ਜ਼ਿੰਮੇਵਾਰੀ ਨਾਲ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ ਅਤੇ ਵਿਕਾਸ ਕੰਮਾਂ ਵਿੱਚ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਐਸਈ ਸੰਜੇ ਕੰਵਰ, ਐਕਸੀਅਨ ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।