ਨਵੇਂ ਵਿੱਤੀ ਵਰ੍ਹੇ ਤੋਂ ਨਗਰ ਨਿਗਮ ਕਰੇਗਾ ਸ਼ਹਿਰ ਦੀਆਂ ਸੜਕਾਂ ਤੇ ਪਾਰਕਾਂ ਦੀ ਸਾਂਭ-ਸੰਭਾਲ: ਸਿੱਧੂ

ਸ਼ਹਿਰ ਵਾਸੀਆਂ ਨੂੰ ਰਾਹਤ: 1 ਜਨਵਰੀ ਤੋਂ ਮੁਹਾਲੀ ਵਿੱਚ ਇਕ ਬਰਾਬਰ ਹੋਣਗੇ ਪਾਣੀ ਤੇ ਸੀਵਰੇਜ ਬਿੱਲ

ਗਮਾਡਾ ਨੇ ਜਨਤਕ ਸੇਵਾਵਾਂ ਦੇ ਸੰਚਾਲਨ ਤੇ ਰੱਖ ਰਖਾਓ ਲਈ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ

ਸ਼ਹਿਰ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਤੇ ਵਿਕਾਸ ਕਾਰਜ ਪ੍ਰਗਤੀ ਅਧੀਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਪੰਜਾਬ ਸਰਕਾਰ ਨੇ ਮੁਹਾਲੀ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ 1 ਜਨਵਰੀ ਤੋਂ ਪੂਰੇ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਦੇ ਬਿੱਲ ਇਕ ਬਰਾਬਰ ਕੀਤੇ ਜਾਣਗੇ। ਮੌਜੂਦਾ ਸਮੇਂ ਵਿੱਚ ਗਮਾਡਾ ਆਪਣੇ ਅਧੀਨ ਆਉਂਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਬਾਕੀ ਸ਼ਹਿਰ ਦੇ ਮੁਕਾਬਲੇ ਕਰੀਬ ਸਾਢੇ 5 ਗੁਣਾ ਵੱਧ ਪਾਣੀ ਦੇ ਬਿੱਲਾਂ ਦੀ ਵਸੂਲੀ ਕਰ ਰਿਹਾ ਹੈ। ਇਸ ਗੱਲ ਦਾ ਖੁਲਾਸਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਨਗਰ ਨਿਗਮ ਭਵਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਗਮਾਡਾ ਰਿਹਾਇਸ਼ੀ/ਵਪਾਰਕ ਅਤੇ ਪਾਣੀ ਦੇ ਹੋਰ ਕਿਸਮ ਦੇ ਕੁਨੈਕਸ਼ਨਾਂ ਲਈ ਲਗਭਗ 5 ਤੋਂ 20 ਰੁਪਏ ਪ੍ਰਤੀ ਕਿੱਲੋਲੀਟਰ (1 ਹਜ਼ਾਰ ਲੀਟਰ) ਤੱਕ ਚਾਰਜ ਕਰਦਾ ਹੈ ਜਦਕਿ ਨਗਰ ਨਿਗਮ ਵੱਲੋਂ 1.80 ਰੁਪਏ ਤੋਂ ਲੈ ਕੇ 5 ਰੁਪਏ ਪ੍ਰਤੀ ਕਿੱਲੋਲੀਟਰ ਚਾਰਜ ਕੀਤੇ ਜਾ ਰਹੇ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਅਪਰੇਸ਼ਨ ਐਂਡ ਮੈਨਟੇਨੈਂਸ (ਓਐਂਡਐੱਮ) ਆਫ਼ ਪਬਲਿਕ ਹੈਲਥ ਸਰਵਿਸਿਜ਼ ਦਾ ਅਧਿਕਾਰਤ ਮਤਾ ਪਾਸ ਕੀਤਾ ਗਿਆ ਅਤੇ ਗਮਾਡਾ ਨੇ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੌਂਪ ਦਿੱਤੀ ਜਦਕਿ ਲਗਭਗ 20 ਤੋਂ 25 ਕਰੋੜ ਰੁਪਏ ਦੀ ਦੂਜੀ ਕਿਸ਼ਤ ਮਾਰਚ 2021 ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ (ਯੂਈਆਈਪੀ) ਤਹਿਤ ਸ਼ਹਿਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤਹਿਤ 20 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਹੋਰ ਖਰਚੇ ਜਾਣਗੇ ਜਦੋਂਕਿ ਪਹਿਲੇ 45 ਕਰੋੜ ਨਾਲ ਮੁਹਾਲੀ ਹਲਕੇ ਦੇ ਹਰ ਕੋਨੇ ਵਿੱਚ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।
ਇਕ ਹੋਰ ਮਹੱਤਵਪੂਰਨ ਘੋਸ਼ਣਾ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ 1 ਅਪਰੈਲ ਤੋਂ ਗਮਾਡਾ ਦੀ ਥਾਂ ਮੁਹਾਲੀ ਨਗਰ ਨਿਗਮ ਸ਼ਹਿਰ ਦੀਆਂ ਸੜਕਾਂ ਅਤੇ ਲਗਪਗ 565 ਵੱਡੇ ਤੇ ਛੋਟੇ ਪਾਰਕਾਂ ਦਾ ਰੱਖ-ਰਖਾਓ ਕਰੇਗਾ। ਗਮਾਡਾ ਵੱਲੋਂ ਕੀਤੇ ਕੰਮਾਂ ਦਾ ਸਰਵੇਖਣ ਜਾਰੀ ਹੈ ਅਤੇ ਇਸ ਉਪਰੰਤ ਨਗਰ ਨਿਗਮ ਅਪਰੇਸ਼ਨ ਅਤੇ ਮੈਨਟੇਨੈਂਸ ਨੂੰ ਆਪਣੇ ਹੱਥਾਂ ਵਿੱਚ ਲਵੇਗੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਨ ਸਿਹਤ ਸੇਵਾਵਾਂ ਦੇ ਸੰਚਾਲਨ ਅਤੇ ਰੱਖ ਰਖਾਓ ਲਈ ਇਕ ਧੇਲਾ ਵੀ ਨਹੀਂ ਖ਼ਰਚਿਆਂ ਗਿਆ ਜਦੋਂਕਿ ਕਾਂਗਰਸ ਨੇ ਸੱਤਾ ਸੰਭਾਲਣ ਤੋਂ ਬਾਅਦ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਜਸਵੀਰ ਸਿੰਘ ਮਾਣਕੂ, ਪਰਵਿੰਦਰ ਕੌਰ, ਕੁਲਵਿੰਦਰ ਸਿੰਘ, ਸੁੱਚਾ ਸਿੰਘ ਕਲੋੜ, ਪ੍ਰਿਤਪਾਲ ਸਿੰਘ ਲੌਂਗੀਆ, ਰਾਕੇਸ਼ ਲਕੋਤਰਾ, ਵਨੀਤ ਮਲਿਕ, ਹਰਜੀਤ ਸਿੰਘ ਭੋਲੂ, ਨਵਜੋਤ ਸਿੰਘ, ਤਰਲੋਚਨ ਸਿੰਘ, ਗੁਰਮੁੱਖ ਸਿੰਘ, ਹਰਦਿਆਲ ਚੰਦ, ਰਘਬੀਰ ਸਿੰਘ ਸੰਧੂ, ਇੰਦਰਜੀਤ ਸਿੰਘ, ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …