Nabaz-e-punjab.com

ਲਾਵਾਰਿਸ ਪਸ਼ੂਆਂ ਨੂੰ ਫੜਾਉਣ ਲਈ ਨਗਰ ਨਿਗਮ ਦੇ ਕੌਂਸਲਰ ਹੰਭਲਾ ਮਾਰਨ: ਕੁੰਭੜਾ

ਸੜਕਾਂ ਤੋਂ ਲਾਵਾਰਿਸ ਪਸ਼ੂਆਂ ਦਾ ਸਫ਼ਾਇਆ ਕਰਨ ਲਈ ਸਾਰੇ ਕੌਂਸਲਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ

ਲਾਵਾਰਿਸ ਪਸ਼ੂਆਂ ਸਬੰਧੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ ਜਾਰੀ ਕਰੇ ਮੁਹਾਲੀ ਨਿਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਮੁਹਾਲੀ ਵਿੱਚ ਹਰ ਰੋਜ਼ ਰਾਹਗੀਰਾਂ ਦੀ ਜਾਨ ਲਈ ਖ਼ਤਰਾ ਬਣ ਕੇ ਸੜਕਾਂ ਉਤੇ ਘੁੰਮ ਰਹੇ ਲਾਵਾਰਿਸ ਪਸ਼ੂਆਂ ਦੇ ਪ੍ਰਤੀ ਨਗਰ ਨਿਗਮ ਦੀ ਪਸ਼ੂ ਪਕੜਨ ਵਾਲੀ ਟੀਮ ਗੰਭੀਰ ਹੋਵੇ ਜਾਂ ਨਾ ਹੋਵੇ ਪ੍ਰੰਤੂ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਇਸ ਪਾਸੇ ਵੱਲ ਗੰਭੀਰ ਹੋਣਾ ਚਾਹੀਦਾ ਹੈ। ਇਹ ਵਿਚਾਰ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਸ੍ਰੀ ਕੁੰਭੜਾ ਨੇ ਕਿਹਾ ਕਿ ਨਗਰ ਨਿਗਮ ਮੋਹਾਲੀ ਦੇ ਇਸ ਸਮੇਂ ਵੱਖ-ਵੱਖ 50 ਵਾਰਡਾਂ ਵਿੱਚ ਸ਼ਹਿਰ ਦੇ ਲੋਕਾਂ ਵੱਲੋਂ ਚੁਣੇ ਹੋਏ 50 ਕੌਂਸਲਰ ਹਨ। ਜੇਕ ਇਹ ਕੌਂਸਲਰ ਲਾਵਾਰਿਸ ਪਸ਼ੂਆਂ ਨੂੰ ਫੜਾਉਣ ਲਈ ਹੰਭਲਾ ਮਾਰਨ ਤਾਂ ਇਸ ਸਮੱਸਿਆ ਤੋਂ ਸ਼ਹਿਰ ਦੇ ਲੋਕਾਂ ਨੂੰ ਨਿਜਾਤ ਦਿਵਾਈ ਜਾ ਸਕਦੀ ਹੈ ਅਤੇ ਲਾਵਾਰਿਸ ਪਸ਼ੂਆਂ ਦੀ ਵਜ੍ਹਾ ਨਾਲ ਹੋ ਰਹੇ ਸੜਕ ਹਾਦਸਿਆਂ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਜਾਣ ਤੋਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਤਿੰਨ ਦਿਨ ਪਹਿਲਾਂ ਕਾਂਗਰਸੀ ਕੌਂਸਲਰ ਅਮਰੀਕ ਸਿੰਘ ਵੱਲੋਂ ਸੈਕਟਰ-71 ਵਿੱਚ ਪਾਰਕ ਵਿੱਚ ਘੁੰਮ ਰਹੇ ਲਾਵਾਰਿਸ ਪਸ਼ੂਆਂ ਬਾਰੇ ਨਿਗਮ ਕਮਿਸ਼ਨਰ ਨੂੰ ਫੋਨ ’ਤੇ ਸੂਚਿਤ ਕਰਕੇ ਫੜਾਈ ਗਈ ਲਾਵਾਰਿਸ ਗਾਂ ਅਤੇ ਉਸ ਨੂੰ ਛੁਡਵਾਉਣ ਵਾਲੇ ਦੋ ਵਿਅਕਤੀਆਂ ਖਿਲਾਫ਼ ਪੁਲਿਸ ਕੇਸ ਦਰਜ ਕਰਵਾਏ ਜਾਣ ਦੀ ਸ਼ਲਾਘਾ ਵੀ ਕੀਤੀ।
ਸ੍ਰੀ ਕੁੰਭੜਾ ਨੇ ਕਿਹਾ ਕਿ ਜੇਕਰ ਨਿਗਮ ਦੇ 50 ਕੌਂਸਲਰਾਂ ਵਿਚੋਂ ਹਰੇਕ ਕੌਂਸਲਰ ਸਿਰਫ਼ ਆਪਣੇ ਵਾਰਡ ’ਚੋਂ ਹਰੇਕ ਹਫ਼ਤੇ ਘੱਟੋ ਘੱਟ ਇੱਕ ਲਾਵਾਰਿਸ ਪਸ਼ੂ ਵੀ ਨਿਗਮ ਦੀ ਪਸ਼ੂ ਪਕੜਨ ਵਾਲੀ ਟੀਮ ਨੂੰ ਫੜਾ ਦਿੰਦਾ ਹੈ ਤਾਂ ਇਸ ਤਾ ਮਤਲਬ ਇਕ ਮਹੀਨੇ ਵਿੱਚ ਕੁੱਲ 200 ਪਸ਼ੂਆਂ ਦਾ ਸੜਕ ਤੋਂ ਸਫ਼ਾਇਆ ਹੋ ਸਕਦਾ ਹੈ। ਜ਼ਰੂਰਤ ਸਿਰਫ਼ ਇਸ ਗੱਲ ਦੀ ਹੈ ਕਿ ਸਬੰਧਤ ਕੌਂਸਲਰ ਆਪਣੇ ਵਾਰਡ ਵਿੱਚ ਘੁੰਮ ਰਹੇ ਲਾਵਾਰਿਸ ਪਸ਼ੂਆਂ ਬਾਰੇ ਪਸ਼ੂ ਪਕੜਨ ਵਾਲੀ ਟੀਮ ਨੂੰ ਮੋਬਾਈਲ ਫੋਨ ’ਤੇ ਸੂਚਿਤ ਕਰੇ ਅਤੇ ਹਰ ਹਫ਼ਤੇ ਇੱਕ ਪਸ਼ੂ ਜ਼ਰੂਰ ਫੜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੌਂਸਲਰ ਵੱਲੋਂ ਫੋਨ ਕਰਨ ਦੇ ਬਾਵਜੂਦ ਵੀ ਟੀਮ ਪਸ਼ੂ ਪਕੜਨ ਲਈ ਨਹੀਂ ਆਉਂਦੀ ਤਾਂ ਉਸ ਟੀਮ ਦੇ ਖ਼ਿਲਾਫ਼ ਵੀ ਨਿਗਮ ਕਮਿਸ਼ਨਰ ਅਤੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰੇ। ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੂੰ ਇਕ ਪੱਤਰ ਵੀ ਲਿਖ ਕੇ ਮੰਗ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਤੋਂ ਲਾਵਾਰਿਸ ਪਸ਼ੂਆਂ ਦਾ ਸਫ਼ਾਇਆ ਕਰਨ ਲਈ ਨਿਗਮ ਦੇ ਸਾਰੇ ਕੌਂਸਲਰਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ।
ਸ੍ਰੀ ਕੁੰਭੜਾ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ ਆਪਣੇ ਖੇਤਰਾਂ ਵਿੱਚ ਘੁੰਮ ਰਹੇ ਲਾਵਾਰਿਸ ਪਸ਼ੂਆਂ ਬਾਰੇ ਆਪਣੇ ਵਾਰਡ ਦੇ ਕੌਂਸਲਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਜ਼ਰੂਰ ਧਿਆਨ ਵਿੱਚ ਲਿਆਉਣ। ਉਨ੍ਹਾਂ ਇਹ ਵੀ ਕਿ ਜੇਕਰ ਨਗਰ ਨਿਗਮ ਲਾਵਾਰਿਸ ਪਸ਼ੂਆਂ ਦੀ ਵਜ੍ਹਾ ਨਾਲ ਸੜਕਾਂ ਉੱਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣਾ ਚਾਹੁੰਦੀ ਹੈ ਅਤੇ ਲੋਕਾਂ ਦੀਆਂ ਜਾਨਾਂ ਪ੍ਰਤੀ ਗੰਭੀਰ ਹੈ ਤਾਂ ਲਾਵਾਰਿਸ ਪਸ਼ੂਆਂ ਬਾਰੇ ਸੂਚਨਾ ਦੇਣ ਸਬੰਧੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…