
ਫਲ ਤੇ ਸਬਜ਼ੀ ਵਿਕਰੇਤਾਵਾਂ ’ਤੇ ਕਹਿਰ ਵਰਤਾਉਣਾ ਬੰਦ ਕਰੇ ਨਗਰ ਨਿਗਮ: ਰਮੇਸ਼ ਵਰਮਾ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਮੇਸ਼ ਕੁਮਾਰ ਵਰਮਾ ਨੇ ਰੇਹੜੀਆਂ ਉੱਤੇ ਫਲ ਅਤੇ ਸਬਜ਼ੀ ਵੇਚਣ ਵਾਲਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਮੰਗ ਕੀਤੀ ਹੈ ਕਿ ਰੇਹੜੀਆਂ ਉੱਤੇ ਫਲ ਅਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਇਨ੍ਹਾਂ ਗਰੀਬ ਕਿਰਤੀਆਂ ਖ਼ਿਲਾਫ਼ ਨਗਰ ਨਿਗਮ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬੰਦ ਕੀਤੀ ਜਾਵੇ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਤਾਲਾਬੰਦੀ ਕਾਰਨ ਸ਼ਹਿਰ ਵਿੱਚ ਸਾਰੇ ਕਾਰੋਬਾਰ ਠੱਪ ਪਏ ਹਨ ਅਤੇ ਗਰੀਬ ਵਿਅਕਤੀ ਲਈ ਦੋ ਵਕਤ ਦੀ ਰੋਟੀ ਵੀ ਨਸੀਬ ਹੋਣੀ ਮੁਸ਼ਕਿਲ ਹੋ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਜੇਕਰ ਕੁਝ ਵਿਅਕਤੀ ਰੇਹੜੀਆਂ ਲਗਾ ਕੇ ਫਲ ਜਾਂ ਸਬਜ਼ੀ ਆਦਿ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ ਤਾਂ ਨਗਰ ਨਿਗਮ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਦੇ ਕਰਮਚਾਰੀਆਂ ਦੀਆਂ ਟੀਮਾਂ ਸ਼ਹਿਰ ਵਿੱਚ ਵਾਰ-ਵਾਰ ਘੁੰਮ ਕੇ ਇਨ੍ਹਾਂ ਦੀਆਂ ਰੇਹੜੀਆਂ ਚੁੱਕ ਕੇ ਲਿਜਾ ਰਹੀਆਂ ਹਨ। ਜਿਸ ਕਾਰਨ ਇਨ੍ਹਾਂ ਵਿਕਰੇਤਾਵਾਂ ਦੇ ਪਰਿਵਾਰਾਂ ਦੇ ਪੇਟ ਉੱਤੇ ਸਿੱਧੀ ਲੱਤ ਵੱਜ ਰਹੀ ਹੈ।
ਉਹਨਾਂ ਇਲਜਾਮ ਲਗਾਇਆ ਕਿ ਨਿਗਮ ਦੇ ਕੁਝ ਕਰਮਚਾਰੀ ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂਆਂ ਦੇ ਇਸ਼ਾਰੇ ਉੱਤੇ ਰੇਹੜੀਆਂ ਵਾਲਿਆਂ ਨਾਲ ਪੱਖਪਾਤ ਵੀ ਕਰ ਰਹੇ ਹਨ। ਉਹਨਾਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਕੋਰੋਨਾ ਦੌਰ ਵਿੱਚ ਤਾਲਾਬੰਦੀ ਦੇ ਚਲਦਿਆਂ ਉਹ ਸ਼ਹਿਰ ਵਿੱਚ ਫਲ ਜਾਂ ਸਬਜ਼ੀ ਵੇਚ ਕੇ ਪਰਿਵਾਰ ਪਾਲਣ ਵਾਲੇ ਵਿਕਰੇਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਤੁਰੰਤ ਰੋਕ ਲਗਾਵੇ ਤਾਂ ਜੋ ਇਹ ਲੋਕ ਆਪਣਾ ਅਤੇ ਪਰਿਵਾਰ ਦਾ ਪੇਟ ਪਾਲ ਸਕਣ।