
ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਨੇ ਕਮਰ ਕਸੀ
ਮੁਹਾਲੀ ਵਿੱਚ ਰੋਡ-ਗਲੀਆਂ ਦੀ ਸਫ਼ਾਈ, ਮੁਰੰਮਤ ਤੇ ਸਟੌਰਮ ਡਰੇਨੇਜ ਸਬੰਧੀ ਅਫ਼ਸਰਾਂ ਦੀ ਜ਼ਿੰਮੇਵਾਰੀ ਕੀਤੀ ਤੈਅ
ਮੇਅਰ ਜੀਤੀ ਸਿੱਧੂ ਨੇ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਮਰ ਕੱਸ ਲਈ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਰਸਾਤਾਂ ਸ਼ੁਰੂ ਤੋਂ ਪਹਿਲਾਂ ਪਹਿਲਾਂ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਸ੍ਰੀ ਜੀਤੀ ਸਿੱਧੂ ਨੇ ਕਿਹਾ ਕਿ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੀਆਂ ਰੋਡ-ਗਲੀਆਂ ਦੀ ਸਫ਼ਾਈ, ਮੁਰੰਮਤ ਅਤੇ ਲੋੜ ਅਨੁਸਾਰ ਨਵੀਆਂ ਰੋਡ ਗਲੀਆਂ ਬਣਾਈਆਂ ਜਾਣ ਅਤੇ ਇਸ ਕੰਮ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਰੋਡ-ਗਲੀਆਂ ਦੀ ਸਫ਼ਾਈ ਅਤੇ ਸਟੌਰਮ ਡਰੇਨੇਜ ਪਾਈਪ ਦੀ ਸਫ਼ਾਈ ਲਈ ਬਜਟ ਐਲੋਕੇਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ ਤਾਂ ਜੋ ਬਰਸਾਤੀ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਜਲ ਨਿਕਾਸੀ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆ ਸਕੇ। ਇਸ ਸਬੰਧੀ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ।
ਮੇਅਰ ਜੀਤੀ ਸਿੱਧੂ ਨੇ ਸਪੱਸ਼ਟ ਕਿਹਾ ਕਿ ਜਿਸ ਅਧਿਕਾਰੀ ਦੇ ਖੇਤਰ ਵਿੱਚ ਜਲ ਨਿਕਾਸੀ ਦੀ ਸਮੱਸਿਆ ਪੇਸ਼ ਆਈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਹਾਲੀ ਵਿੱਚ ਨਵੇਂ ਸਿਰਿਓਂ ਪਾਏ ਜਾ ਰਹੇ ਸੀਵਰੇਜ ਦੇ ਕੰਮ ਨੂੰ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਵੀ ਆਖਿਆ।
ਇਸ ਮੌਕੇ ਐਸਈ ਸੰਜੇ ਕੰਵਰ, ਐਕਸੀਅਨ ਹਰਪ੍ਰੀਤ ਸਿੰਘ ਤੇ ਐਸਡੀਓ ਸੁਨੀਲ ਕੁਮਾਰ ਸਮੇਤ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।