
ਮੁਹਾਲੀ ਨੇੜਲੇ ਪਿੰਡ ਤੇ ਨਵੇਂ ਸੈਕਟਰ ਵਾਰਡਬੰਦੀ ਵਿੱਚ ਸ਼ਾਮਲ ਕਰੇ ਨਗਰ ਨਿਗਮ: ਕੁਲਜੀਤ ਬੇਦੀ
ਨਗਰ ਨਿਗਮ ਦੀ ਵਾਰਡਬੰਦੀ ਦਾ ਕੰਮ ਫੌਰੀ ਤੌਰ ’ਤੇ ਸ਼ੁਰੂ ਕਰਨ ਲਈ ਕਮਿਸ਼ਨਰ ਨੂੰ ਲਿਖਿਆ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਮੁਹਾਲੀ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਵਾਰਡਬੰਦੀ ਦੀ ਤਿਆਰੀ ਸ਼ੁਰੂ ਕੀਤੀ ਜਾਵੇ ਅਤੇ ਇਸ ਵਿਚ ਨਾ ਸਿਰਫ਼ ਮੁਹਾਲੀ ਦੇ ਵਿਕਸਤ ਹੋ ਚੁੱਕੇ ਸੈਕਟਰ ਸ਼ਾਮਿਲ ਕੀਤੇ ਜਾਣ, ਬਲਕਿ ਆਬਾਦੀ ਦੇ ਆਧਾਰ ਤੇ ਹੋਰ ਵਾਰਡ ਬਣਾਏ ਜਾਣ। ਇਸਦੇ ਨਾਲ ਨਾਲ ਉਨ੍ਹਾਂ ਨੇ ਨੇੜਲੇ ਪਿੰਡਾਂ ਨੂੰ ਵੀ ਨਿਗਮ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਬੇਦੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਫਰਵਰੀ 2015 ਵਿੱਚ ਹੋਈਆਂ ਸਨ। ਇਸ ਦੌਰਾਨ 2014 ਦਾ ਡਾਟਾ ਹੀ ਲਿਆ ਗਿਆ ਸੀ ਅਤੇ ਉਸ ਅਨੁਸਾਰ ਹੀ ਵੋਟਾਂ ਬਣਾਈਆਂ ਗਈਆਂ ਸਨ। ਛੇ ਸਾਲ ਬਾਅਦ ਹੁਣ ਮੁਹਾਲੀ ਵਿੱਚ ਆਬਾਦੀ ਵੀ ਬਹੁਤ ਵੱਧ ਚੁੱਕੀ ਹੈ ਅਤੇ ਨਵੇੱ ਸੈਕਟਰ ਵੀ ਵਾਧੂ ਵਸੋੱ ਵਾਲੇ ਹੋ ਚੁੱਕੇ ਹਨ, ਇਸ ਲਈ ਵਾਰਡ ਬੰਦੀ ਲਈ ਚੁੱਕੇ ਜਾਣ ਵਾਲੇ ਕਦਮਾਂ ਵਿਚ ਮੁਹਾਲੀ ਨਗਰ ਨਿਗਮ ਦਾ ਇਲਾਕਾ ਵੀ ਵਧਾਇਆ ਜਾਣਾ ਜਰੂਰੀ ਹੈ ਅਤੇ ਇਸ ਦੇ ਅਨੁਸਾਰ ਹੀ ਵਾਰਡ ਵੀ ਵਧਣੇ ਜਰੂਰੀ ਹਨ। ਉਨ੍ਹਾਂ ਲਿਖਿਆ ਹੈ ਕਿ ਖਾਸ ਤੌਰ ਤੇ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿਚ ਜਨਸੰਖਿਆ ਵਿਚ ਭਾਰੀ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਨਿਗਮ ਅਧੀਨ ਪੁਰਾਣੇ ਸੈਕਟਰਾਂ ਵਿਚ ਵੀ ਜਨਸੰਖਿਆ ਪਹਿਲਾਂ ਨਾਲੋਂ ਵਧੀ ਹੈ। ਇਸ ਅਨੁਸਾਰ ਹੀ ਵਾਰਡਬੰਦੀ ਦੀ ਰੂਪਰੇਖਾ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਨਾਲ ਮੁਹਾਲੀ ਵਿਚ ਨਵੇਂ ਸੈਕਟਰ ਵੀ ਵਸੇ ਹਨ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਵੀ ਉਕਤ ਖੇਤਰਾਂ ਨੂੰ ਮੁਹਾਲੀ ਨਿਗਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਪੂਰੀ ਤਰ੍ਹਾਂ ਵਿਕਸਤ ਹੋ ਚੁੱਕੇ ਸੈਕਟਰ-82, ਸੈਕਟਰ-90, 91, ਪਿੰਡ ਕੰਬਾਲੀ, ਪਿੰਡ ਬਲੌਂਗੀ ਤੋਂ ਲੈ ਕੇ ਟੀਡੀਆਈ, ਵੀਆਰ ਪੰਜਾਬ ਮਾਲ ਦੇ ਇਲਾਕੇ ਨੂੰ ਨਿਗਮ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਇਸ ਨਾਲ ਨਿਗਮ ਨੂੰ ਵਿੱਤੀ ਲਾਭ ਵੀ ਹੋ ਸਕੇ। ਇਸ ਨਾਲ ਲੋਕ ਆਪੋ ਆਪਣੇ ਇਲਾਕੇ ਦੇ ਨੁਮਾਇੰਦੇ ਚੁਣ ਕੇ ਭੇਜ ਸਕਣਗੇ ਅਤੇ ਆਪਣੇ ਲੋਕਤਾਂਤਰਿਕ ਹੱਕਾਂ ਨੂੰ ਹਾਸਲ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਬਲੌਂਗੀ ਵਰਗੇ ਖੇਤਰ ਵਿਚ ਬੇਤਰਤੀਬ ਵਿਕਾਸ ਚੱਲ ਰਿਹਾ ਹੈ ਜਿਸ ਉੱਤੇ ਰੋਕ ਲਗਾਉਣ ਦੀ ਲੋੜ ਹੈ ਕਿਉਂਕਿ ਮੁਹਾਲੀ ਦਾ ਖੇਤਰ ਪਲਾਨਡ ਖੇਤਰ ਹੈ। ਇਸਦੇ ਨਾਲ ਨਾਲ ਇੱਥੋਂ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਵੀ ਸਮੇਂ ਦੀ ਲੋੜ ਹੈ ਜਿਸ ਲਈ ਇਸ ਪੂਰੇ ਖੇਤਰ ਨੂੰ ਨਿਗਮ ਅਧੀਨ ਲੈਣਾ ਚਾਹੀਦਾ ਹੈ। ਲੋਕਾਂ ਦੀ ਲੋੜ ਅਤੇ ਰਾਏ ਅਨੁਸਾਰ ਇਸ ਵਿਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੋਵਿਡ-19 ਕਰਕੇ ਚੋਣਾਂ ਵਿਚ ਦੇਰੀ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਪਹਿਲ ਦੇ ਆਧਾਰ ਤੇ ਹੁਣੇ ਤੋਂ ਹੀ ਇਹ ਅਮਲ ਸ਼ੁਰੂ ਕਰ ਲਿਆ ਜਾਵੇ ਤਾਂ ਜੋ ਜਦੋਂ ਸਰਕਾਰ ਚੋਣਾਂ ਕਰਵਾਉਣ ਲਈ ਐਲਾਨ ਕਰੇ ਤਾਂ ਇਹ ਕੰਮ ਅਗਾਊਂ ਪੂਰਾ ਹੋ ਚੁੱਕਿਆ ਹੋਵੇ।