
ਨਗਰ ਨਿਗਮ/ਨਗਰ ਕੌਂਸਲ ਚੋਣਾਂ: ਪਹਿਲੇ ਦਿਨ 72 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
‘ਨੋ ਡਿਊ ਸਰਟੀਫਿਕੇਟ’ ਦਾਖ਼ਲ ਕਰਨਾ ਕਿਸੇ ਵੀ ਉਮੀਦਵਾਰ ਲਈ ਜ਼ਰੂਰੀ ਨਹੀਂ: ਸ੍ਰੀਮਤੀ ਜੈਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਮੁਹਾਲੀ ਨਗਰ ਨਿਗਮ\ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਪਹਿਲੇ ਦਿਨ 72 ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਹ ਜਾਣਕਾਰੀ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਦੀ ਵਾਰਡ ਨੰਬਰ-1 ਤੋਂ 25 ਲਈ ਅੱਜ 34 ਉਮੀਦਵਾਰਾਂ ਅਤੇ ਵਾਰਡ ਨੰਬਰ-26 ਤੋਂ 50 ਲਈ 36 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇੰਜ ਹੀ ਨਗਰ ਕੌਂਸਲ ਖਰੜ ਤੋਂ 2 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਜਦੋਂਕਿ ਨਗਰ ਕੌਂਸਲ ਕੁਰਾਲੀ, ਬਨੂੜ, ਨਵਾਂ ਗਾਉਂ, ਡੇਰਾਬੱਸੀ, ਲਾਲੜੂ ਤੇ ਜ਼ੀਰਕਪੁਰ ਵਿੱਚ ਕੋਈ ਵੀ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਇਆ ਹੈ।
ਸ੍ਰੀਮਤੀ ਜੈਨ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ‘ਨੋ ਡਿਊ ਸਰਟੀਫਿਕੇਟ’ ਜਮ੍ਹਾ ਕਰਨੇ ਜ਼ਰੂਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਚਾਹਵਾਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਨੋ ਡਿਊ ਸਰਟੀਫਿਕੇਟ (ਐਨਓਸੀ) ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਕੋਲ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ’ਤੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਕੰਮ ਦਾ ਬੋਝ ਵਧ ਗਿਆ ਹੈ। ਉਨ੍ਹਾਂ ਨੇ ਨਿਗਮ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਹੇਠ ਅਜਿਹੇ ਸਰਟੀਫਿਕੇਟ ਦਾਖ਼ਲ ਕਰਨਾ ਕਿਸੇ ਵੀ ਉਮੀਦਵਾਰ ਲਈ ਜ਼ਰੂਰੀ ਨਹੀਂ ਹੈ। ਇਸ ਲਈ ਕੋਈ ਵੀ ਸਰਕਾਰੀ ਦਫ਼ਤਰਾਂ ਵਿੱਚ ਐਨਓਸੀ ਲੈਣ ਲਈ ਖੱਜਲ-ਖੁਆਰ ਨਾ ਹੋਵੇ।