
ਫਾਇਰਮੈਨਾਂ ਤੇ ਸਫ਼ਾਈ ਕਰਮਚਾਰੀਆਂ ਦਾ 10-10 ਲੱਖ ਰੁਪਏ ਦਾ ਬੀਮਾ ਕਰਵਾਏਗੀ ਨਗਰ ਨਿਗਮ
ਮੁਹਾਲੀ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 18 ਕਰੋੜ ਦੇ ਵਰਕ ਆਰਡਰ ਜਾਰੀ
ਸ਼ਹਿਰ ਦੇ ਵਿਕਾਸ ਲਈ 8 ਕਰੋੜ ਰੁਪਏ ਦੇ ਨਵੇਂ ਕੰਮਾਂ ’ਤੇ ਲਾਈ ਮੋਹਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਮੁਹਾਲੀ ਨਗਰ ਨਿਗਮ ਨੇ ਸਫ਼ਾਈ ਸੇਵਕਾਂ, ਫਾਇਰਮੈਨਾਂ ਅਤੇ ਸੀਵਰਮੈਨਾਂ ਦਾ 10-10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾਉਣ ਦਾ ਅਹਿਮ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਵਿੱਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਜਿਸ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਦਮਨਦੀਪ ਕੌਰ, ਐਸਈ ਨਰੇਸ਼ ਬੱਤਾ, ਮੈਂਬਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਅਨੰਦ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਵਿੱਚ 18 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਂ ਦੇ ਵਰਕ ਆਰਡਰ ਦਿੱਤੇ ਗਏ ਜਦੋਂਕਿ 8 ਕਰੋੜ ਰੁਪਏ ਦੇ ਨਵੇਂ ਕੰਮ ਪਾਸ ਕੀਤੇ ਗਏ। ਇਨ੍ਹਾਂ ਕੰਮਾਂ ਵਿੱਚ ਮੁੱਖ ਤੌਰ ’ਤੇ ਪਾਰਕਾਂ, ਵੱਖ-ਵੱਖ ਵਾਰਡਾਂ ਵਿੱਚ ਨੰਬਰ ਪਲੇਟਾਂ, ਪੁਰਾਣੇ ਅਮਰਟੈਕਸ ਚੌਕ ਦੇ ਨਾਲ ਸਲਿੱਪ ਸੜਕ , ਕਮਿਊਨਿਟੀ ਸੈਂਟਰ ਫੇਜ਼-1 ਅਤੇ ਫੇਜ਼-11 ਦੀ ਰੈਨੋਵੇਸ਼ਨ, ਗਊਸ਼ਾਲਾ ਦੀ ਬਾਉਂਡਰੀ ਵਾਲ, ਸੈਕਟਰ-79 ਦੀ ਮਾਰਕੀਟ ਵਿੱਚ ਪਬਲਿਕ ਪਖਾਨੇ ਬਣਾਉਣ ਸਮੇਤ ਵੱਖ-ਵੱਖ ਵਾਰਡਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਫੇਜ਼-5 ਸਥਿਤ ਗੁਰਦੁਆਰਾ ਸਾਹਿਬਵਾੜਾ ਪਾਤਸ਼ਾਹੀ ਨੌਵੀਂ ਦੇ ਨਾਲ ਕਾਜਵੇਅ ਨੂੰ ਮੁਕੰਮਲ ਕਰਨ ਦਾ ਵੀ ਕੰਮ ਪਾਸ ਕੀਤਾ ਗਿਆ।
ਇਸ ਮੌਕੇ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਸਭ ਤੋਂ ਉੱਪਰ ਹੈ ਅਤੇ ਭਾਵੇਂ ਮੁਹਾਲੀ ਨਗਰ ਨਿਗਮ ਇਸ ਸਮੇਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਪਰ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਲੋਕਾਂ ਦੀ ਰਾਇ ਅਨੁਸਾਰ ਹੀ ਵਿਕਾਸ ਦੇ ਕੰਮ ਪਾਸ ਕੀਤੇ ਜਾਂਦੇ ਹਨ ਤਾਂ ਜੋ ਇਨ੍ਹਾਂ ਦਾ ਵੱਧ ਤੋਂ ਵੱਧ ਮੁਹਾਲੀ ਵਾਸੀਆਂ ਨੂੰ ਲਾਭ ਮਿਲ ਸਕੇ।