ਤੇਜ਼ ਬਰਸਾਤ ਕਾਰਨ ਮੁਹਾਲੀ ਵਿੱਚ ਆਈ ਸਮੱਸਿਆ ਨੂੰ ਦੂਰ ਕਰਨ ਲਈ ਨਗਰ ਨਿਗਮ ਹੋਈ ਪੱਬਾਂ ਭਾਰ

ਮੇਅਰ ਵਰ੍ਹਦੇ ਮੀਂਹ ਵਿੱਚ ਆਪਣੀ ਟੀਮ ਸਮੇਤ ਖ਼ੁਦ ਪਾਣੀ ਦੀ ਨਿਕਾਸੀ ਲਈ ਕਰਦੇ ਰਹੇ ਇੰਤਜ਼ਾਮ

ਸੀਵਰੇਜ ਤੇ ਫਾਇਰ ਵਿਭਾਗ ਦੀਆਂ ਗੱਡੀਆਂ ਨਾਲ ਕਰਵਾਈ ਪਾਣੀ ਦੀ ਨਿਕਾਸੀ: ਮੇਅਰ

ਚੰਡੀਗੜ੍ਹ ਤੋਂ ਹੇਠਾਂ ਵਾਲੇ ਪਾਸੇ ਹੋਣ ਕਾਰਨ ਮੁਹਾਲੀ ਵਿੱਚ ਜ਼ਿਆਦਾ ਹੋਈ ਸਮੱਸਿਆ: ਮੇਅਰ ਜੀਤੀ ਸਿੱਧੂ

ਲੋੜੀਂਦੀਆਂ ਥਾਵਾਂ ’ਤੇ ਮੁਹਾਲੀ ਨਗਰ ਨਿਗਮ ਲਗਾਏਗੀ ਛੇ ਪੰਪ ਸੈੱਟ: ਕਮਿਸ਼ਨਰ ਨਵਜੋਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ
ਮੁਹਾਲੀ ਵਿੱਚ ਅਚਾਨਕ ਹੋਈ ਤੇਜ਼ ਬਰਸਾਤ ਕਾਰਣ ਅੱਜ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਸੜਕਾਂ ਉੱਤੇ ਗੋਡੇ ਗੋਡੇ ਪਾਣੀ ਖੜ੍ਹਨ ਅਤੇ ਲੋਕਾਂ ਦੇ ਘਰ ਪਾਣੀ ਦਾਖ਼ਲ ਹੋਣ ਦੀ ਸੂਚਨਾ ਮਿਲਣ ਤੇ ਨਗਰ ਨਿਗਮ ਫੌਰਨ ਹਰਕਤ ਵਿੱਚ ਆ ਗਈ। ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ ਅਤੇ ਹੋਰਨਾਂ ਅਧਿਕਾਰੀਆਂ ਨੇ ਵਰ੍ਹਦੇ ਮੀਂਹ ਵਿੱਚ ਖ਼ੁਦ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਪਾਣੀ ਦੀ ਨਿਕਾਸੀ ਦੇ ਫੌਰੀ ਪ੍ਰਬੰਧ ਕਰਵਾਏ।
ਇਸ ਦੌਰਾਨ ਮੇਅਰ ਜੀਤੀ ਸਿੱਧੂ ਨੇ ਕੁਝ ਥਾਵਾਂ ਉੱਤੇ ਸੀਵਰੇਜ ਸਾਫ਼ ਕਰਨ ਵਾਲੀ ਮਸ਼ੀਨ ਦਾ ਇੰਤਜ਼ਾਮ ਕਰਵਾਇਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ ਅਤੇ ਡਰੇਨਾਂ ਦੀ ਸਫ਼ਾਈ ਕਰਵਾਈ ਗਈ ਜਿਸ ਪਾਣੀ ਦੀ ਨਿਕਾਸੀ ਹੋਣ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ। ਉਨ੍ਹਾਂ ਕਿਹਾ ਕਿ ਅਚਾਨਕ ਹੋਈ ਇਸ ਤੇਜ਼ ਬਰਸਾਤ ਕਾਰਨ ਪਾਣੀ ਬਹੁਤ ਤੇਜ਼ੀ ਨਾਲ ਇਕੱਠਾ ਹੋਇਆ ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਚੰਡੀਗੜ੍ਹ ਤੋਂ ਹੇਠਾਂ ਵਾਲੇ ਪਾਸੇ ਪੈਂਦਾ ਹੈ ਅਤੇ ਚੰਡੀਗੜ੍ਹ ਵਿੱਚ ਵੀ ਇਕਦਮ ਤੇਜ਼ ਬਰਸਾਤ ਕਾਰਨ ਇਕੱਠਾ ਹੋਇਆ ਪਾਣੀ ਮੁਹਾਲੀ ਵੱਲ ਨੂੰ ਆਇਆ। ਜਿਸ ਕਾਰਨ ਮੁਹਾਲੀ ਵਿਚ ਕੁਝ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਨਗਰ ਨਿਗਮ ਦੀ ਸੰਪੂਰਨ ਟੀਮ ਦੇ ਨਾਲ ਖੁਦ ਵੱਖ-ਵੱਖ ਥਾਵਾਂ ’ਤੇ ਗਏ ਅਤੇ ਨਿਕਾਸੀ ਦੇ ਪ੍ਰਬੰਧ ਕਰਵਾਏ।
ਮੇਜਰ ਜੀਤੀ ਸਿੱਧੂ ਨੇ ਇਸ ਮੌਕੇ ਖਾਸ ਤੌਰ ਤੇ ਸੀਵਰੇਜ ਅਤੇ ਡਰੇਨੇਜ ਸਬੰਧੀ ਵਿਭਾਗ ਅਤੇ ਫਾਇਰ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਇਨ੍ਹਾਂ ਦੋਹਾਂ ਵਿਭਾਗਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਫੌਰੀ ਤੌਰ ਤੇ ਇੰਤਜ਼ਾਮਾਤ ਕੀਤੇ ਜਿਸ ਦੇ ਨਤੀਜੇ ਵਜੋਂ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਗਈ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਖਾਸ ਤੌਰ ਤੇ ਮੁਹਾਲੀ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੌਲੀਥੀਨ ਦੇ ਲਿਫ਼ਾਫ਼ੇ ਅਤੇ ਹੋਰ ਗੰਦਗੀ ਸੜਕਾਂ ਉਤੇ ਕਿਸੇ ਵੀ ਹਾਲਤ ਵਿੱਚ ਨਾ ਸੁੱਟਣ ਕਿਉਂਕਿ ਇਹ ਪਾਲੀਥੀਨ ਦੇ ਲਿਫ਼ਾਫ਼ੇ ਡਰੇਨੇਜ ਦੀਆਂ ਪਾਈਪਾਂ ਅਤੇ ਰੋਡ-ਗਲੀਆਂ ਵਿੱਚ ਜਾ ਕੇ ਇਨ੍ਹਾਂ ਨੂੰ ਜਾਮ ਕਰ ਦਿੰਦੀਆਂ ਹਨ। ਉਨ੍ਹਾਂ ਬਰਸਾਤ ਦੇ ਇਸ ਮੌਸਮ ਵਿੱਚ ਲੋਕਾਂ ਨੂੰ ਨਗਰ ਨਿਗਮ ਨਾਲ ਭਰਪੂਰ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਨਗਰ ਨਿਗਮ ਚੌਵੀ ਘੰਟੇ ਲੋਕਾਂ ਦੀ ਸੇਵਾ ਲਈ ਉਪਲੱਬਧ ਹੈ।

ਇਸ ਮੌਕੇ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਮੁਹਾਲੀ ਵਿੱਚ ਜਿੱਥੇ ਜਿੱਥੇ ਵੀ ਪਾਣੀ ਜ਼ਿਆਦਾ ਖੜ੍ਹਾ ਹੁੰਦਾ ਜਾਂ ਮਾਰ ਕਰਦਾ ਹੈ, ਉਥੇ ਛੇ ਪੰਪ ਸੈੱਟਾਂ ਦਾ ਪ੍ਰਬੰਧ ਨਗਰ ਨਿਗਮ ਵੱਲੋਂ ਕੀਤਾ ਗਿਆ ਹੈ ਅਤੇ ਇਹ ਪੰਪ ਸੈੱਟ ਲਗਾ ਕੇ ਪਾਣੀ ਦੀ ਨਿਕਾਸੀ ਦੇ ਫੌਰੀ ਇੰਤਜ਼ਾਮ ਕੀਤੇ ਜਾਣਗੇ। ਇਸ ਮੌਕੇ ਵੱਖ ਵੱਖ ਖੇਤਰਾਂ ਦੇ ਕੌਂਸਲਰ ਵੀ ਆਪੋ ਆਪਣੇ ਖੇਤਰ ਵਿੱਚ ਪਾਣੀ ਦੀ ਨਿਕਾਸੀ ਲਈ ਭਰਪੂਰ ਪ੍ਰਬੰਧ ਕਰਦੇ ਦਿਖਾਈ ਦਿੱਤੇ। ਕੁਝ ਕੌਂਸਲਰਾਂ ਨੇ ਦੱਸਿਆ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਬੇਨਿਸਸ ਦੀ ਕੀਤੀ ਗਈ ਸਫ਼ਾਈ ਨਾਲ ਫੁੱਲਾਂ ਦੇ ਬਾਗ਼ ਵਿੱਚ 15-20 ਮਿੰਟ ਵਿੱਚ ਹੀ ਪਾਣੀ ਦੀ ਨਿਕਾਸੀ ਹੋ ਗਈ ਅਤੇ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।

ਮੀਟਿੰਗ ਕਰਕੇ ਕੀਤੀ ਸਮੀਖਿਆ: ਮੁਹਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਕੁਝ ਇਲਾਕਿਆਂ ਵਿੱਚ ਆਈ ਸਮੱਸਿਆ ਨੂੰ ਦੇਖਦੇ ਹੋਏ ਮੇਅਰ ਜੀਤੀ ਸਿੱਧੂ ਨੇ ਕਮਿਸ਼ਨਰ ਨਵਜੋਤ ਕੌਰ ਦੇ ਨਾਲ ਅਧਿਕਾਰੀਆਂ ਦੀ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਆਈ ਸਮੱਸਿਆ ਸਬੰਧੀ ਸਮੀਖਿਆ ਕੀਤੀ ਗਈ ਅਤੇ ਅੱਗੇ ਆਉਣ ਵਾਲੇ ਬਰਸਾਤ ਦੇ ਮੌਸਮ ਦੌਰਾਨ ਪੂਰੇ ਮੁਹਾਲੀ ਵਿੱਚ ਪਾਣੀ ਦੀ ਨਿਕਾਸੀ ਸਬੰਧੀ ਵਿਸ਼ੇਸ਼ ਇੰਤਜ਼ਾਮਾਤ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਮੇਅਰ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਨੇ ਮੀਟਿੰਗ ਵਿੱਚ ਕਿਹਾ ਕਿ ਜਿੱਥੇ ਕਿਤੇ ਵੀ ਜ਼ਿਆਦਾ ਸਮੱਸਿਆ ਹੈ ਉਥੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਬਰਸਾਤੀ ਪਾਣੀ ਕਾਰਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…