ਨਗਰ ਨਿਗਮ ਵੱਲੋਂ ਤੰਬਾਕੂ ਦੀਆਂ ਦੁਕਾਨਾਂ ’ਤੇ ਛਾਪੇਮਾਰੀ, 8 ਦੁਕਾਨਦਾਰਾਂ ਨੂੰ ਕੀਤਾ 1600 ਰੁਪਏ ਜੁਰਮਾਨਾ

ਮੁਹਾਲੀ ਦੇ ਕਈ ਫੇਜ਼ਾਂ, ਮਟੌਰ ਤੇ ਸਨਅਤੀ ਖੇਤਰ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਮੁਹਾਲੀ ਨਗਰ ਨਿਗਮ ਵੱਲੋਂ ਅੱਜ ਸ਼ਹਿਰ ਵਿੱਚ ਤੰਬਾਕੂ ਕੰਟਰੋਲ ਐਕਟ ਨੂੰ ਲਾਗੂ ਕਰਵਾਉਣ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਸੁਪਰਡੈਂਟ ਸ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਨਗਰ ਨਿਗਮ ਦੀ ਟੀਮ ਨੇ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਟੌਰ, ਫੇਜ਼-7, 6, 5, 4 ਅਤੇ ਸਨਅਤੀ ਖੇਤਰ ਮੁਹਾਲੀ ਵਿੱਚ ਮੌਜੂਦ ਤੰਬਾਕੂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਮੁਹਿੰਮ ਦੌਰਾਨ 30 ਦੇ ਕਰੀਬ ਦੁਕਾਨਾਂ ਦੀ ਜਾਂਚ ਕੀਤੀ ਗਈ ਅਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਦੇ ਅੱਠ ਦੁਕਾਨਦਾਰਾਂ ਨੂੰ 1600 ਰੁਪਏ ਦੇ ਜ਼ੁਰਮਾਨੇ ਕੀਤੇ ਗਏ।
ਟੀਮ ਦੀ ਅਗਵਾਈ ਕਰ ਰਹੇ ਸੁਪਰਡੈਂਟ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਅੱਜ ‘ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003’ (ਕੋਟਪਾ) ਅਧੀਨ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਾਂਚ ਦੌਰਾਨ 8 ਦੁਕਾਨਦਾਰ ਕਾਨੂੰਨ ਦੀ ਉਲੰਘਣਾ ਕਰਦੇ ਪਾਏ ਗਏ ਜਿਹਨਾਂ ਨੂੰ ਮੌਕੇ ’ਤੇ ਕੁੱਲ 1600 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਉਹਨਾਂ ਕਿਹਾ ਕਿ ਜ਼ੁਰਮਾਨੇ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਨਾ ਕਰਨ।
ਇੱਥੇ ਦੱਸਿਆ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਤੰਬਾਕੂ ਦੀ ਵਰਤੋਂ ਕਾਰਨ ਰੋਜ਼ਾਨਾ 2200 ਤੋਂ ਉਪਰ ਮੌਤਾਂ ਹੋ ਰਹੀਆਂ ਹਨ ਅਤੇ 90 ਫੀਸਦੀ ਮੂੰਹ ਦੇ ਕੈਸਰਾਂ ਦਾ ਕਾਰਨ ਇਕੱਲਾ ਤੰਬਾਕੂ ਹੈ। ਇਹ ਲਈ ਇਹ ਸਮੱਸਿਆ ਗੰਭੀਰ ਹੈ। ‘ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003’ (ਕੋਟਪਾ) ਦੀ ਧਾਰਾ ਮੁਤਾਬਕ ਕੋਈ ਵਿਅਕਤੀ ਜਨਤਕ ਤੌਰ ’ਤੇ ਤੰਬਾਕੂਨੋਸ਼ੀ ਨਹੀਂ ਕਰ ਸਕਦਾ ਅਤੇ ਤੰਬਾਕੂ ਦੁਕਾਨਦਾਰ ਗਾਹਕ ਨੂੰ ਲਾਈਟਰ ਵੀ ਮੁਹੱਈਆ ਨਹੀਂ ਕਰਵਾ ਸਕਦਾ। ਇਸੇ ਤਰ੍ਹਾਂ ਕਾਨੂੰਨ ਦੀ ਧਾਰਾ 6 ਏ ਅਤੇ 6 ਬੀ ਮੁਤਾਬਕ ਨਾਬਾਲਗ ਨੂੰ ਨਾ ਤਾਂ ਤੰਬਾਕੂ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਤੋਂ ਵਿਕਵਾਇਆ ਜਾ ਸਕਦਾ ਹੈ। ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ਼ ਦੇ ਘੇਰੇ ਅੰਦਰ ਕੋਈ ਵਿਅਕਤੀ ਤੰਬਾਕੂ ਨਹੀਂ ਵੇਚ ਸਕਦਾ।
ਵਿਭਾਗ ਦਾ ਕਹਿਣਾ ਹੈ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਨਗਰ ਨਿਗਮ ਦੀ ਟੀਮ ਵਿੱਚ ਇੰਸਪੈਕਟਰ ਸੁਰਜੀਤ ਸਿੰਘ, ਇੰਸਪੈਕਟਰ ਗੁਰਦੀਪ ਸਿੰਘ, ਇੰਸਪੈਕਟਰ ਵਰਿੰਦਰ ਕੁਮਾਰ, ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਡਵੀਜ਼ਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…