ਕੈਬਨਿਟ ਮੰਤਰੀ ਦੀ ਘੂਰਕੀ ਤੋਂ ਬਾਅਦ ਨਗਰ ਨਿਗਮ ਵੱਲੋਂ ਐਨ-ਚੋਅ ਦੀ ਸਫ਼ਾਈ ਦਾ ਕੰਮ ਸ਼ੁਰੂ

ਸ਼ਹਿਰ ਵਿੱਚ ਪੈਂਦੇ ਬਰਸਾਤੀ ਪਾਣੀ ਦੇ ਨਿਕਾਸੀ ਨਾਲਿਆਂ ਦੀ ਕਰਵਾਈ ਜਾਵੇਗੀ ਸਫਾਈ

ਮੁਹਾਲੀ ਨਿਗਮ ਦੀ ਹਦੂਦ ਅੰਦਰ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਅਵਨੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੀਆ ਸਰਕਾਰੀ ਜ਼ਮੀਨਾਂ ਅਤੇ ਢੁਕਵੀਆਂ ਥਾਵਾਂ ਉੱਤੇ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਨਾਲਿਆਂ ਨੂੰ ਸਾਫ ਕਰਵਾਇਆ ਜਾਵੇਗਾ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਸਖ਼ਤ ਹਦਾਇਤਾਂ ’ਤੇ ਅਮਲ ਕਰਦਿਆਂ ਨਗਰ ਨਿਗਮ ਨੇ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਆਰੰਭ ਕਰ ਦਿੱਤਾ ਹੈ। ਨਿਗਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਨ-ਚੋਅ ਜਿਥੇ ਕਿ ਵੱਡੀ ਪੱਧਰ ਤੇ ਸਰਕੰਡਾ ਉਗਿਆ ਹੋਇਆ ਹੈ ਜਿਹੜਾ ਕਿ ਬਰਸਾਤੀ ਪਾਣੀ ਦੀ ਨਿਕਾਸ ਵਿੱਚ ਰੁਕਾਵਟ ਪੈਦਾ ਕਰਦਾ ਹੈ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਾਰੇ ਐਨ-ਚੋਅ ਦੀ ਮੁਕਮੰਲ ਸਫਾਈ ਯਕੀਨੀ ਬਣਾਇਆ ਜਾਵੇਗਾ। ਨਗਰ ਨਿਗਮ ਦੀ ਪਿਛਲੀ ਮੀਟਿੰਗ ਵਿੱਚ ਭਾਜਪਾ ਕੌਂਸਲਰ ਅਰੁਣ ਸ਼ਰਮਾ ਅਤੇ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਬਰਸਾਤ ਪਾਣੀ ਦੀ ਨਿਕਾਸੀ ਦਾ ਮੁੱਦਾ ਵੱਡੇ ਪੱਧਰ ’ਤੇ ਚੁੱਕਿਆ ਸੀ।
ਇਸ ਸਬੰਧੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਸ਼ਹਿਰ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ ਵੱਖ ਥਾਵਾਂ ਤੇ ਸਫਾਈ ਕਾਰਜ ਵੀ ਆਰੰਭ ਕੀਤੇ ਗਏ ਹਨ। ਸੰਯੁਕਤ ਕਮਿਸ਼ਨਰ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਸਫਾਈ ਕਾਰਜ਼ਾਂ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਸ਼ਹਿਰ ਨੂੰ ਸਫਾਈ ਪੱਖੋਂ ਸਾਫ ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਡੇਂਗੂ ਅਤੇ ਮਲੇਰੀਆ, ਚਿਕਨਗੁਨੀਆਂ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਰਸਾਤ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅੰਦਰ ਕੁੱਲਰਾਂ, ਫਰੀਜ਼ਾਂ ਦੀਆਂ ਟਰੇਆਂ ਆਦਿ ਦੀ ਸਫਾਈ ਨੂੰ ਯਕੀਨੀ ਬਣਾਉਣ ਅਤੇ ਹਰ ਸ਼ੁਕਰਵਾਰ ਡਰਾਈ-ਡੇਅ ਵਜੋਂ ਮਨਾਇਆ ਜਾਵੇ। ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਨੇ ਜਿਥੇ ਨਗਰ ਨਿਗਮ ਭਵਨ ਵਿਖੇ ਪਲਾਸਟਿਕ ਦੀਆਂ ਬੋਤਲਾਂ, ਗਲਾਸਾਂ ਆਦਿ ’ਤੇ ਪਾਬੰਦੀ ਲਗਾਈ ਹੈ ਉਥੇ ਸ਼ਹਿਰ ਨਿਵਾਸੀਆਂ ਨੂੰ ਪਲਾਸਟਿਕ ਦੀਆਂ ਵਸਤੂਆਂ, ਲਿਫ਼ਾਫ਼ੇ ਆਦਿ ਨਾ ਵਰਤਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…