Nabaz-e-punjab.com

ਨਗਰ ਨਿਗਮ ਚੋਣਾਂ: ਮੁਹਾਲੀ ਦੀ ਨਵੇਂ ਸਿਰਿਓਂ ਵਾਰਡਬੰਦੀ ਦਾ ਕੰਮ ਲਮਕਣ ਦੇ ਆਸਾਰ

ਕੰਮ ਮੁਕੰਮਲ ਹੋਣ ’ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ ਰਿਪੋਰਟ: ਗਰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਮੁਹਾਲੀ ਨਗਰ ਨਿਗਮ ਦੀ ਚੋਣ ਸਬੰਧੀ ਸ਼ਹਿਰ ਦੇ 50 ਵਾਰਡਾਂ ਦੀ ਨਵੇਂ ਸਿਰਿਓਂ ਵਾਰਡਬੰਦੀ ਦਾ ਕੰਮ ਲਮਕ ਗਿਆ ਹੈ। ਹਾਲਾਂਕਿ ਬੀਤੀ 24 ਜੁਲਾਈ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੁਰਾਣੇ ਵਾਰਡਾਂ ਦੀ ਨਵੇਂ ਸਿਰਿਓਂ ਵਾਰਡਬੰਦੀ ਕਰਕੇ ਅੱਜ (30 ਜੁਲਾਈ ਤੱਕ) ਰਿਪੋਰਟ ਮੁੱਖ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਸੀ ਲੇਕਿਨ ਹਾਲੇ ਤੱਕ ਨਗਰ ਨਿਗਮ ਦੇ ਸਟਾਫ਼ ਨੇ ਪੁਣੀ ਤੱਕ ਨਹੀਂ ਕੱਤੀ ਹੈ। ਜਿਸ ਕਾਰਨ ਇਸ ਕੰਮ ਨੂੰ ਮੁਕੰਮਲ ਹੋਣ ਵਿੱਚ ਕੁਝ ਦਿਨ ਹੋਰ ਲੱਗਣਗੇ।
ਮੁਹਾਲੀ ਦੀ ਵਧੀਕ ਚੋਣ ਅਫ਼ਸਰ-ਕਮ-ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਨਗਰ ਨਿਗਮ ਚੋਣਾਂ ਦਾ ਅਹਿਮ ਕੰਮ ਹੈ। ਵਾਰਡਬੰਦੀ ਸਬੰਧੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਪੁਰਾਣੇ ਵਾਰਡਾਂ ਦੀ ਵਾਰਡਬੰਦੀ ਕਰਕੇ ਸ਼ਹਿਰ ਵਾਸੀਆਂ ਤੋਂ ਇਤਰਾਜ਼ ਮੰਗੇ ਜਾਣਗੇ। ਇਸ ਮਗਰੋਂ ਬਣਦੀ ਕਾਰਵਾਈ ਮੁਕੰਮਲ ਕਰਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।
ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਵੱਲੋਂ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਮੁਹਾਲੀ ਦੀ ਵਾਰਡਬੰਦੀ ਸਕੀਮ ਨੂੰ ਆਬਾਦੀ ਦੇ ਅੰਕੜੇ ਵਿੱਚ ਬਲਾਕ ਵਾਈਸ ਦਰਸਾਉਂਦੇ ਹੋਏ ਨਿਯਮਾਂ ਤਹਿਤ ਰਾਖਵਾਂਕਰਨ ਅਤੇ ਨੰਬਰਿੰਗ ਫਾਈਨਲ ਕਰਕੇ ਹਰ ਹਾਲਤ ਵਿੱਚ 30 ਜੁਲਾਈ ਤੱਕ ਉਨ੍ਹਾਂ ਦੇ ਦਫ਼ਤਰ ਵਿੱਚ ਪੇਸ਼ ਕੀਤੀ ਜਾਵੇ। ਇਸ ਪੱਤਰ ਨੂੰ ਸਮਾਂਬੱਧ ਅਤੇ ਅਤਿ ਜ਼ਰੂਰੀ ਦੱਸਦਿਆਂ ਇਸ ਕੰਮ ਨੂੰ ਪਰਮ ਅਗੇਤ ਦੇਣ ਲਈ ਵੀ ਕਿਹਾ ਗਿਆ ਸੀ।
ਜਾਣਕਾਰੀ ਅਨੁਸਾਰ ਡਾਇਰੈਕਟਰ ਵੱਲੋਂ 24 ਜੁਲਾਈ ਨੂੰ ਜਾਰੀ ਕੀਤਾ ਗਿਆ ਇਹ ਪੱਤਰ ਮੁਹਾਲੀ ਨਗਰ ਨਿਗਮ ਦੇ ਦਫ਼ਤਰ ਵਿੱਚ ਤਿੰਨ ਦਿਨ ਬਾਅਦ ਬੀਤੀ 27 ਜੁਲਾਈ ਨੂੰ ਪਹੁੰਚਿਆ ਸੀ। ਇਸ ਤਰ੍ਹਾਂ ਤਿੰਨ ਦਿਨਾਂ ਵਿੱਚ ਲਗਭਗ ਤਿੰਨ ਲੱਖ ਦੀ ਆਬਾਦੀ ਵਾਲੇ ਮੁਹਾਲੀ ਸ਼ਹਿਰ ਦੇ 50 ਵਾਰਡਾਂ ਦੀ ਨਵੇਂ ਸਿਰਿਓਂ ਵਾਰਡਬੰਦੀ ਕਰਨਾ ਕਾਫੀ ਮੁਸ਼ਕਲ ਕੰਮ ਸੀ। ਉਂਜ ਸਰਕਾਰੀ ਪੱਤਰ ਮਿਲਣ ਤੋਂ ਬਾਅਦ ਮੁਹਾਲੀ ਨਿਗਮ ਨੇ ਡਾਇਰੈਕਟਰ ਦਫ਼ਤਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਨਿਯਮਾਂ ਦੀ ਜਾਣਕਾਰੀ ਮੰਗੀ ਗਈ ਸੀ ਅਤੇ ਨਾਲ ਹੀ ਅੰਕੜਾ ਅਧਿਕਾਰੀ ਨੂੰ ਪੱਤਰ ਲਿਖ ਕੇ ਆਬਾਦੀ ਦੇ ਵੇਰਵਿਆਂ ਦੀ ਮੰਗ ਕੀਤੀ ਗਈ ਸੀ, ਪ੍ਰੰਤੂ ਹਾਲੇ ਤੱਕ ਡਾਇਰੈਕਟਰ ਦਫ਼ਤਰ ਵੱਲੋਂ ਨਗਰ ਨਿਗਮ ਨੂੰ ਕੋਈ ਲਿਖਤੀ ਜਵਾਬ ਨਹੀਂ ਦਿੱਤਾ ਗਿਆ ਹੈ ਜਦੋਂਕਿ ਅੰਕੜਾ ਦਫ਼ਤਰ ਵੱਲੋਂ ਇਹ ਲਿਖ ਕੇ ਦਿੱਤਾ ਗਿਆ ਹੈ ਕਿ ਉਨ੍ਹਾਂ ਕੋਲ ਸਿਰਫ਼ 2011 ਦੀ ਜਨਗਣਨਾ ਅਨੁਸਾਰ ਹੀ ਆਬਾਦੀ ਦੇ ਅੰਕੜੇ ਹਨ। ਉਸ ਤੋਂ ਬਾਅਦ ਦਾ ਕੋਈ ਅੰਕੜਾ ਮੌਜੂਦ ਨਹੀਂ ਹੈ। ਵਾਰਡਬੰਦੀ ਦਾ ਕੰਮ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਚਾਹੀਦਾ ਹੈ। ਜਿਸ ਕਾਰਨ ਨਗਰ ਨਿਗਮ ਦੀ ਚੋਣ ਅਕਤੂਬਰ ਦੀ ਥਾਂ ਅੱਗੇ ਲਮਕ ਸਕਦੀ ਹੈ?
ਮੁਹਾਲੀ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਦਾ ਕਹਿਣਾ ਹੈ ਕਿ ਫਿਲਹਾਲ ਵਾਰਡਬੰਦੀ ਦਾ ਕੰਮ ਹਾਲੇ ਮੁਕੰਮਲ ਨਹੀਂ ਹੋਇਆ ਹੈ ਅਤੇ ਦਫ਼ਤਰੀ ਸਟਾਫ਼ ਪੂਰੀ ਲਗਨ ਨਾਲ ਇਸ ਕੰਮ ਵਿੱਚ ਜੁਟ ਗਿਆ ਹੈ ਪ੍ਰੰਤੂ ਇਸ ਕੰਮ ਨੂੰ ਮੁਕੰਮਲ ਹੋਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਨਵੇਂ ਸਿਰਿਓਂ ਵਾਰਡਬੰਦੀ ਦਾ ਕੰਮ ਛੇਤੀ ਹੀ ਮੁਕੰਮਲ ਕਰਕੇ ਡਾਇਰੈਕਟਰ ਦਫ਼ਤਰ ਵਿੱਚ ਭੇਜਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …