ਨਗਰ ਨਿਗਮ ਚੋਣਾਂ: ਮੁਹਾਲੀ ਵਿੱਚ ਭਾਜਪਾ ਉਮੀਦਵਾਰਾਂ ਦੇ ਪੋਸਟਰ ਫਾੜੇ

ਪੋਸਟਰ ਫਾੜਨ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ, ਪੁਲੀਸ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਫੇਜ਼-11 ਵਿੱਚ ਘਰ-ਘਰ ਚੋਣ ਪ੍ਰਚਾਰ ਦੌਰਾਨ ਇਕ ਮੁਹੱਲੇ ਵਿੱਚ ਕਈ ਅੌਰਤਾਂ ਨੇ ਭਾਜਪਾ ਉਮੀਦਵਾਰਾਂ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਪੁੱਠੇ ਪੈਰੀ ਵਾਪਸ ਮੋੜ ਦਿੱਤੀ ਅਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫ਼ੀ ਲਾਹਨਤਾਂ ਵੀ ਪਾਈਆਂ। ਇੰਜ ਹੀ ਸ਼ਹਿਰ ਵਿੱਚ ਭਾਜਪਾ ਦੀ ਮਹਿਲਾ ਉਮੀਦਵਾਰ ਦੇ ਪੋਸਟਰ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਉਮੀਦਵਾਰਾਂ ਅਤੇ ਸੀਨੀਅਰ ਆਗੂਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਆਗੂਆਂ ਨੇ ਪੋਸਟਰ ਫਾੜਨ ਸਬੰਧੀ ਵਾਇਰਲ ਹੋਈ ਵੀਡੀਓ ਵੀ ਪੁਲੀਸ ਨੂੰ ਦਿੱਤੀ ਗਈ ਹੈ।
ਇਸ ਸਬੰਧੀ ਵਾਰਡ ਨੰਬਰ-18 ਤੋਂ ਭਾਜਪਾ ਉਮੀਦਵਾਰ ਛਵੀ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਈ ਦਿਨਾਂ ਤੋਂ ਉਸ ਦੇ ਚੋਣ ਪ੍ਰਚਾਰ ਵਾਲੇ ਪੋਸਟਰ ਫਾੜੇ ਜਾ ਰਹੇ ਸਨ ਪ੍ਰੰਤੂ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਪਤਾ ਚੱਲਿਆ ਕਿ ਉਸ ਦੇ ਪੋਸਟਰ ਦੋ ਵਿਅਕਤੀਆਂ ਨੇ ਫਾੜੇ ਹਨ। ਇੰਜ ਹੀ ਵਾਰਡ ਨੰਬਰ-3 ਤੋਂ ਭਾਜਪਾ ਉਮੀਦਵਾਰ ਗੀਤਾ ਅਨੰਦ, ਵਾਰਡ ਨੰਬਰ-19 ਤੋਂ ਉਮੀਦਵਾਰ ਸੀਮਾ ਜੋਸ਼ੀ ਅਤੇ ਵਾਰਡ ਨੰਬਰ-20 ਤੋਂ ਉਮੀਦਵਾਰ ਕ੍ਰਿਸ਼ਨ ਕੁਮਾਰ ਦੇ ਪੋਸਟਰ ਫਾੜੇ ਗਏ ਹਨ।
ਭਾਜਪਾ ਉਮੀਦਵਾਰ ਦੇ ਪੋਸਟਰ ਫਾੜੇ ਜਾਣ ਸਬੰਧੀ ਸਾਬਕਾ ਮੰਤਰੀ ਅਤੇ ਨਗਰ ਨਿਗਮ ਚੋਣਾਂ ਸਬੰਧੀ ਭਾਜਪਾ ਦੇ ਇੰਚਾਰਜ ਕੇਡੀ ਭੰਡਾਰੀ ਅਤੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੇ ਅੱਜ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ ਦੀਪ ਕਮਲ ਨਾਲ ਮੁਲਾਕਾਤ ਕੀਤੀ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤੀ ਕਾਰਵਾਈ ਦੀ ਮੰਗ ਕੀਤੀ। ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਮੁਹਾਲੀ ਵਿੱਚ ਕਾਂਗਰਸ ਬੁਖਲਾ ਗਈ ਹੈ ਅਤੇ ਭਾਜਪਾ ਉਮੀਦਵਾਰ ਦੇ ਪੋਸਟਰ ਫਾੜੇ ਜਾ ਰਹੇ ਹਨ। ਇਸ ਮੌਕੇ ਸੰਜੀਵ ਵਸ਼ਿਸ਼ਟ, ਰਮੇਸ਼ ਦੱਤ, ਸੋਹਣ ਸਿੰਘ ਵੀ ਹਾਜ਼ਰ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਭਾਜਪਾ ਉਮੀਦਵਾਰਾਂ ਦੇ ਪੋਸਟਰ ਫਾੜਨ ਸਬੰਧੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…