Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਮੁਹਾਲੀ ਦੀ ਨਵੀਂ ਵਾਰਡਬੰਦੀ ਦਾ ਪ੍ਰਸਤਾਵਿਤ ਖਰੜਾ ਮਨਜ਼ੂਰ ਲੋਕਾਂ ਦੇ ਦੇਖਣ ਤੇ ਇਤਰਾਜ਼ਾਂ ਲਈ ਨਗਰ ਨਿਗਮ ਦਫ਼ਤਰ ਵਿੱਚ ਰੱਖਿਆ ਜਾਵੇਗਾ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ: ਮੁਹਾਲੀ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਰਾਹ ਪੱਧਰਾ ਹੋ ਗਿਆ ਹੈ। ਵਾਰਡਬੰਦੀ ਬੋਰਡ ਦੀ ਅੱਜ ਹੋਈ ਮੀਟਿੰਗ ਵਿੱਚ ਮੁਹਾਲੀ ਦੀ ਨਵੇਂ ਸਿਰਿਓਂ ਵਾਰਡਬੰਦੀ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਕੀਤੀ। ਉਨ੍ਹਾਂ ਵੱਲੋਂ ਹੀ ਸ਼ਹਿਰ ਦੀ ਆਬਾਦੀ ਦੇ ਸਰਵੇ ਅਨੁਸਾਰ ਵਾਰਡਬੰਦੀ ਦੇ ਪ੍ਰਸਤਾਵਿਤ ਖਰੜੇ (ਨਕਸ਼ੇ) ਨੂੰ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਹਾਇਕ ਕਮਿਸ਼ਨ (ਸ਼ਿਕਾਇਤਾਂ) ਯਸ਼ਪਾਲ ਸ਼ਰਮਾ, ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ ਸਮੇਤ ਗੈਰ ਸਰਕਾਰੀ ਮੈਂਬਰ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਹਾਜ਼ਰ ਸਨ। ਜਿਨ੍ਹਾਂ ਨੇ ਆਪਸੀ ਵਿਚਾਰ-ਚਰਚਾ ਉਪਰੰਤ ਵਾਰਡਬੰਦੀ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ। ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਅੱਜ ਮੀਟਿੰਗ ਵਿੱਚ ਨਵੀਂ ਵਾਰਡਬੰਦੀ ਦਾ ਖਰੜਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਸੂਬਾ ਸਰਕਾਰ ਦੀ ਚਿੱਠੀ ਮਿਲਣ ਤੋਂ ਬਾਅਦ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਜਾਰੀ ਕਰਕੇ ਸਮੂਹ ਸਾਬਕਾ ਕੌਂਸਲਰਾਂ ਅਤੇ ਆਮ ਲੋਕਾਂ ਦੇ ਦੇਖਣ ਲਈ ਪ੍ਰਸਤਾਵਿਤ ਖਰੜਾ (ਨਕਸ਼ਾ) ਨਗਰ ਨਿਗਮ ਦਫ਼ਤਰ ਵਿੱਚ ਰੱਖਿਆ ਜਾਵੇਗਾ। ਇਸ ਦੌਰਾਨ ਇਤਰਾਜ਼ ਵੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਨਵੇਂ ਸਿਰਿਓਂ ਵਾਰਡਬੰਦੀ ਕੀਤੀ ਗਈ ਹੈ ਪ੍ਰੰਤੂ ਜੇਕਰ ਫਿਰ ਵੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇਗਾ ਅਤੇ ਉਹ ਲਿਖਤੀ ਰੂਪ ਵਿੱਚ ਇਤਰਾਜ਼ ਦੇਵੇਗਾ ਤਾਂ ਉਸ ਨੂੰ ਵਿਚਾਰਿਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਨਕਸ਼ਾ ਨਿਗਮ ਦਫ਼ਤਰ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ ਅਤੇ ਅਖ਼ਬਾਰ ਵਿੱਚ ਪਬਲਿਕ ਨੋਟਿਸ ਪ੍ਰਕਾਸ਼ਿਤ ਦੇ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਕੋਈ ਵੀ ਵਿਅਕਤੀ ਨਕਸ਼ਾ ਆ ਕੇ ਦੇਖ ਸਕਦਾ ਹੈ ਅਤੇ ਇਤਰਾਜ਼ ਦੇ ਸਕਦਾ ਹੈ। ਜਾਣਕਾਰੀ ਅਨੁਸਾਰ ਲੋਕਾਂ ਵੱਲੋਂ ਦਰਜ ਕਰਵਾਏ ਇਤਰਾਜ਼ਾਂ ਬਾਰੇ ਕੋਈ ਵੀ ਫੈਸਲਾ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਹੀ ਲਿਆ ਜਾ ਸਕੇਗਾ। ਬੋਰਡ ਦੇ ਨਿਰਣੇ ਅਨੁਸਾਰ ਵਾਰਡਬੰਦੀ ਵਿੱਚ ਲੋੜੀਂਦੀ ਤਬਦੀਲੀ (ਜੇ ਕੋਈ ਹੋਵੇ) ਕਰਕੇ ਵਾਰਡਬੰਦੀ ਦੇ ਨਕਸ਼ੇ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ। ਇਸ ਉਪਰੰਤ ਵੱਖ-ਵੱਖ ਵਾਰਡਾਂ ਦੀਆਂ ਵੋਟਰ ਲਿਸਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਧਰ, ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਨਵੀਂ ਵਾਰਡਬੰਦੀ ਵਿੱਚ ਪਿਛਲੇ ਪੀਰੀਅਡ ਦੌਰਾਨ ਨਗਰ ਨਿਗਮ ’ਤੇ ਕਾਬਜ਼ ਰਹੇ ਮੇਅਰ ਦੇ ਸਪੁੱਤਰ ਸਰਬਜੀਤ ਸਿੰਘ ਸਮੇਤ ਅਕਾਲੀ ਦਲ ਤੇ ਭਾਜਪਾ ਦੇ ਕਈ ਸਾਬਕਾ ਕੌਂਸਲਰਾਂ ਦੇ ਮੌਜੂਦਾ ਵਾਰਡਾਂ ਨਾਲ ਛੇੜਛਾੜ ਕਰਦਿਆਂ ਅੌਰਤਾਂ ਲਈ ਰਾਖਵੇਂ ਕੀਤੇ ਗਏ ਹਨ। ਭਾਜਪਾ ਦੇ ਸਾਬਕਾ ਕੌਂਸਲਰ ਅਰੁਣ ਸ਼ਰਮਾ ਸਮੇਤ ਅਕਾਲੀ ਦਲ ਦੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ, ਸਰਬਜੀਤ ਸਿੰਘ, ਗੁਰਮੀਤ ਸਿੰਘ ਵਾਲੀਆ, ਸਤਵੀਰ ਸਿੰਘ ਧਨੋਆ, ਪਰਮਜੀਤ ਸਿੰਘ ਕਾਹਲੋਂ ਦੇ ਵਾਰਡ ਅੌਰਤਾਂ ਲਈ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁੱਝ ਵਾਰਡਾਂ ਦੀ ਬਣਤਰ ਵੀ ਅਜਿਹੀ ਬਣਾਈ ਗਈ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਅਕਾਲੀ ਭਾਜਪਾ ਨਾਲ ਸਬੰਧਤ ਦੋ ਸਾਬਕਾ ਕੌਂਸਲਰ ਆਹਮੋ-ਸਾਹਮਣੇ ਚੋਣ ਲੜਨ ਲਈ ਮਜਬੂਰ ਹੋਣਗੇ। ਹਾਲਾਂਕਿ ਅਕਾਲੀ ਦਲ ਨੇ ਭਾਜਪਾ ਨਾਲੋਂ ਤਾੜਾ ਤੋੜ ਲਿਆ ਹੈ ਪ੍ਰੰਤੂ ਸਥਾਨਕ ਆਗੂ ਨਿਗਮ ਚੋਣਾਂ ਅਸਿੱਧੇ ਢੰਗ ਨਾਲ ਇਕੱਠੇ ਲੜਨ ਦੇ ਰੌਂਅ ਵਿੱਚ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ