Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਮੁਹਾਲੀ ਦੀ ਨਵੀਂ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਜਾਰੀ ਲੋਕਾਂ ਦੀ ਜਾਣਕਾਰੀ ਲਈ ਨਗਰ ਨਿਗਮ ਦਫ਼ਤਰ ਵਿੱਚ ਰੱਖਿਆ ਨਕਸ਼ਾ, ਐਤਵਾਰ ਤੱਕ ਦਿੱਤੇ ਜਾ ਸਕਦੇ ਹਨ ਇਤਰਾਜ਼ ਪੁਰਾਣੇ ਵਾਰਡਾਂ ਨਾਲ ਛੇੜਛਾੜ ਕਰਨ ਤੋਂ ਅਕਾਲੀ ਦਲ ਤੇ ਭਾਜਪਾ ਦੇ ਕਈ ਸਾਬਕਾ ਕੌਂਸਲਰ ਅੌਖੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ: ਮੁਹਾਲੀ ਨਗਰ ਨਿਗਮ ਦੀਆਂ ਆਗਾਮੀ ਚੋਣਾਂ ਲਈ ਸ਼ਹਿਰ ਦੇ ਪੁਰਾਣੇ 50 ਵਾਰਡਾਂ ਦੀ ਭੰਨ-ਤੋੜ ਕਰਕੇ ਨਵੇ ਸਿਰਿਓਂ ਵਾਰਡਬੰਦੀ ਦਾ ਨਵਾਂ ਨਕਸ਼ਾ ਸੋਮਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਬੀਤੀ 23 ਅਕਤੂਬਰ ਨੂੰ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਨਵੀਂ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ੇ ਨੂੰ ਆਪਸੀ ਸਹਿਮਤੀ ਨਾਲ ਪਾਸ ਕੀਤਾ ਗਿਆ ਸੀ। ਅੱਜ ਵਾਰਡਬੰਦੀ ਦਾ ਨਕਸ਼ਾ ਨਗਰ ਨਿਗਮ ਦੇ ਕਾਨਫਰੰਸ ਹਾਲ ਵਿੱਚ ਆਮ ਲੋਕਾਂ ਦੇ ਦੇਖਣ ਲਈ ਲਗਾ ਦਿੱਤਾ ਗਿਆ ਹੈ। ਲੋਕਾਂ ਨੂੰ ਨਕਸ਼ਾ ਦੇਣ ਅਤੇ ਇਤਰਾਜ਼ ਦੇਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਆਮ ਲੋਕਾਂ ਦੇ ਦੇਖਣ ਲਈ ਜਨਤਕ ਕਰ ਦਿੱਤਾ ਗਿਆ ਹੈ ਅਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਵੀਂ ਵਾਰਡਬੰਦੀ ਬਾਰੇ ਕੋਈ ਇਤਰਾਜ਼ ਦਰਜ ਕਰਵਾਉਣਾ ਹੈ ਤਾਂ ਉਹ ਐਤਵਾਰ ਸ਼ਾਮ 5 ਵਜੇ ਤੱਕ ਨਗਰ ਨਿਗਮ ਦਫ਼ਤਰ ਵਿੱਚ ਆਪਣਾ ਲਿਖਤੀ ਇਤਰਾਜ਼ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਾਰਡਬੰਦੀ ਸਮੂਹ ਇਤਰਾਜ਼ਾਂ ਨੂੰ ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਇਸ ਉਪਰੰਤ ਵਾਰਡਬੰਦੀ ਦੀ ਫਾਈਨਲ ਪ੍ਰਕਾਸ਼ਨਾਂ ਜਾਰੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਅੱਜ ਜਿਵੇਂ ਹੀ ਸਵੇਰੇ ਨਗਰ ਨਿਗਮ ਦੇ ਦਫ਼ਤਰ ਵਿੱਚ ਨਵੀਂ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਰੱਖੇ ਜਾਣ ਦੀ ਜਾਣਕਾਰੀ ਜਨਤਕ ਹੋਈ ਤਾਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ, ਸਾਬਕਾ ਕੌਂਸਲਰ ਅਤੇ ਆਮ ਸ਼ਹਿਰੀ ਨਕਸ਼ਾ ਦੇਖਣ ਲਈ ਪਹੁੰਚਣੇ ਸ਼ੁਰੂ ਹੋ ਗਏ। ਲੋਕਾਂ ਦਾ ਕਹਿਣਾ ਸੀ ਕਿ ਵਾਰਡਬੰਦੀ ਦਾ ਨਕਸ਼ਾ ਤਿਆਰ ਕਰਨ ਵੇਲੇ ਲਗਭਗ ਸਾਰੇ ਹੀ ਵਾਰਡਾਂ ਨਾਲ ਕਾਫ਼ੀ ਜ਼ਿਆਦਾ ਛੇੜਛਾੜ ਕੀਤੀ ਗਈ ਹੈ। ਜਿਸ ਕਾਰਨ ਪੁਰਾਣੇ ਸਾਰੇ ਹੀ ਵਾਰਡਾਂ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਗਿਆ ਹੈ। ਇਸ ਮੌਕੇ ਨਕਸ਼ਾ ਦੇਖਣ ਲਈ ਪਹੁੰਚੇ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਪਰਵਿੰਦਰ ਸਿੰਘ ਬੈਦਵਾਨ, ਆਰਪੀ ਸ਼ਰਮਾ, ਕਮਲਜੀਤ ਸਿੰਘ ਰੂਬੀ, ਹਰਪਾਲ ਸਿੰਘ ਚਾਨਾ, ਪਰਮਜੀਤ ਸਿੰਘ ਕਾਹਲੋਂ ਅਤੇ ਭਾਜਪਾ ਆਗੂ ਅਰੁਣ ਸ਼ਰਮਾ ਨੇ ਕਿਹਾ ਕਿ ਹੁਕਮਰਾਨਾਂ ਵੱਲੋਂ ਚੋਣਾਂ ਵਿੱਚ ਨਿੱਜੀ ਸਿਆਸੀ ਲਾਹਾ ਲੈਣ ਲਈ ਨਕਸ਼ੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਸਾਬਕਾ ਕੌਂਸਲਰਾਂ ਦੇ ਵਾਰਡਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਹੈ ਅਤੇ ਜ਼ਿਆਦਾਤਰ ਪੁਰਸ਼ ਕੌਂਸਲਰਾਂ ਦੇ ਵਾਰਡਾਂ ਨੂੰ ਅੌਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਚੋਣ ਮੈਦਾਨ ’ਚੋਂ ਬਾਹਰ ਕੀਤਾ ਜਾ ਸਕੇ। ਕਾਂਗਰਸ ਦੇ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਦਾ ਕਹਿਣਾ ਹੈ ਕਿ ਨਕਸ਼ੇ ਵਿੱਚ ਮੁਹਾਲੀ ਦੇ ਫੇਜ਼ਾਂ ਅਤੇ ਸੈਕਟਰਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਇਹ ਨਕਸ਼ਾ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਨਵੇਂ ਨਕਸ਼ੇ ਵਿੱਚ ਸ਼ਹਿਰ ਦੇ ਸਾਰੇ ਫੇਜ਼ਾਂ ਅਤੇ ਸੈਕਟਰਾਂ ਦਾ ਵੇਰਵਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ