ਨਗਰ ਨਿਗਮ ਚੋਣਾਂ: ਵਾਰਡਬੰਦੀ ਸਬੰਧੀ ਆਬਾਦੀ ਦੇ ਅੰਕੜੇ ਇਕੱਠੇ ਕਰਨ ਲਈ ਘਰ-ਘਰ ਸਰਵੇ

35 ਸਰਵੇ ਟੀਮਾਂ ਦੀ ਨਿਗਰਾਨੀ ਲਈ ਚਾਰ ਸੁਪਰਵਾਈਜ਼ਰ ਤਾਇਨਾਤ, ਰੋਜ਼ਾਨਾ ਇਕੱਠੀ ਕੀਤੀ ਜਾ ਰਹੀ ਹੈ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਨਵੇਂ ਸਿਰਿਓਂ ਵਾਰਡਬੰਦੀ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ-ਕਮ-ਪ੍ਰਸ਼ਾਸਕ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਇਸ ਸਬੰਧੀ ਦਫ਼ਤਰੀ ਸਟਾਫ਼ ਦੀਆਂ 35 ਟੀਮਾਂ ਬਣਾਈਆਂ ਗਈਆਂ ਹਨ ਅਤੇ ਸਰਵੇ ਟੀਮਾਂ ਵਿੱਚ ਤਾਇਨਾਤ ਸਾਰੇ ਅਮਲੇ ਦਾ ਕਰੋਨਾ ਟੈੱਸਟ ਕਰਵਾਇਆ ਗਿਆ ਹੈ ਤਾਂ ਜੋ ਸਰਵੇ ਦੌਰਾਨ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਧਰ, ਅੱਜ ਨਗਰ ਨਿਗਮ ਦੇ ਇੰਸਪੈਕਟਰ ਹਰਮੇਸ਼ ਸਿੰਘ ਹੰਡੇਸਰਾ, ਗੁਰਮੀਤ ਸਿੰਘ ਗਿੱਲ, ਸੁਰਜੀਤ ਸਿੰਘ ਅਤੇ ਹੋਰਨਾਂ ਟੀਮਾਂ ਨੇ ਸੈਕਟਰ-63\ਫੇਜ਼-9 ਵਿੱਚ ਘਰ ਘਰ ਜਾ ਕੇ ਸਰਵੇ ਕੀਤਾ ਅਤੇ ਮੌਜੂਦਾ ਆਬਾਦੀ ਦੇ ਅੰਕੜੇ ਇਕੱਠੇ ਕੀਤੇ ਗਏ। ਇਸ ਦੇ ਨਾਲ-ਨਾਲ ਸਰਵੇ ਟੀਮਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਕੋਵਿਡ-19 ਸਬੰਧੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਾਜ਼ਾ ਹਦਾਇਤਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਸਰਵੇ ਟੀਮਾਂ ਦੀ ਨਿਗਰਾਨੀ ਲਈ ਐਸਡੀਓ ਰੈਂਕ ਦੇ ਚਾਰ ਸੁਪਰਵਾਈਜ਼ਰ ਲਗਾਏ ਗਏ ਹਨ।
ਕਮਿਸ਼ਨਰ ਕਮਲ ਗਰਗ ਨੇ ਦੱਸਿਆ ਕਿ ਵਾਰਡਬੰਦੀ ਸਬੰਧੀ ਆਬਾਦੀ ਮੁਤਾਬਕ ਦਾ ਨਵੇਂ ਸਿਰਿਓਂ ਸਰਵੇ ਕੀਤਾ ਜਾਣਾ ਜ਼ਰੂਰੀ ਹੈ। ਰੋਜ਼ਾਨਾ ਸਰਵੇ ਟੀਮਾਂ ਦੀ ਰਿਪੋਰਟ ’ਤੇ ਆਧਾਰਿਤ ਕੰਪਿਊਟਰ ਸਿਸਟਮ ’ਤੇ ਵੇਰਵੇ ਦਰਜ ਕੀਤੇ ਜਾ ਰਹੇ ਹਨ। ਇਕ ਟੀਮ ਨੂੰ 12 ਜ਼ੋਨਾਂ\ਯੂਨਿਟ ਦਿੱਤੇ ਗਏ ਹਨ। ਇਕ ਜ਼ੋਨ ਵਿੱਚ 100 ਤੋਂ 120 ਜਾਂ 150 ਘਰ ਹਨ। ਉਨ੍ਹਾਂ ਦੱਸਿਆ ਕਿ ਇਹ ਕੰਮ ਅਗਲੇ 10 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਮਗਰੋਂ ਵਾਰਡਬੰਦੀ ਦਾ ਖਰੜਾ ਤਿਆਰ ਕਰਕੇ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵਾਰਡਬੰਦੀ ਦੇ ਕੰਮ ਨੂੰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਕਰੋਨਾ ਸੰਕਟ ਦੇ ਬਾਵਜੂਦ ਸਮੁੱਚਾ ਅਮਲਾ ਪੂਰੀ ਸ਼ਿੱਦਤ ਨਾਲ ਸਰਵੇ ਕਰਨ ਦੇ ਕੰਮ ਵਿੱਚ ਲੱਗਾ ਹੋਇਆ ਹੈ।
ਨਗਰ ਨਿਗਮ ਦੇ ਇੰਸਪੈਕਟਰ ਹਰਮੇਸ਼ ਸਿੰਘ ਹੰਡੇਸਰਾ ਅਤੇ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਵਾਰਡਬੰਦੀ ਸਬੰਧੀ ਘਰ-ਘਰ ਜਾ ਕੇ ਸਰਵੇ ਦੌਰਾਨ ਕੁੱਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਰੋਨਾ ਦੇ ਕਾਰਨ ਕਈ ਲੋਕ ਗੇਟ ਤੱਕ ਨਹੀਂ ਖੋਲ੍ਹਦੇ ਹਨ ਅਤੇ ਕੁੱਝ ਲੋਕ ਉਨ੍ਹਾਂ ਨੂੰ ਆਪਣਾ ਸ਼ਨਾਖ਼ਤੀ ਕਾਰਡ ਦਿਖਾਉਣ ਲਈ ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਤੋਂ ਵੱਧ ਮੰਜ਼ਲਾਂ ਵਾਲੇ ਘਰਾਂ\ਇਮਾਰਤਾਂ ਦੇ ਸਰਵੇ ਸਬੰਧੀ ਪਹਿਲੀ ਤੇ ਦੂਜੀ ਅਤੇ ਬਾਕੀ ਮੰਜ਼ਲਾਂ ਵਾਈਜ਼ ਕੈਟਾਗਰੀਆਂ ਬਣਾਈਆਂ ਗਈਆਂ ਹਨ ਅਤੇ ਰਾਖਵਾਂਕਰਨ ਸਬੰਧੀ ਜਾਤ ਆਧਾਰਿਤ ਕਾਲਮ ਵੀ ਭਰਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…