ਨਗਰ ਨਿਗਮ ਚੋਣਾਂ: ਮੁਹਾਲੀ ਜ਼ਿਲ੍ਹੇ ਵਿੱਚ 60.08 ਫੀਸਦੀ ਮਤਦਾਨ

ਡੀਸੀ ਤੇ ਐਸਐਸਪੀ ਨੇ ਸ਼ਹਿਰ ਦਾ ਦੌਰਾ ਕਰਕੇ ਲਿਆ ਜਾਇਜ਼ਾ, ਐਸਐਸਪੀ ਨੇ ਖ਼ੁਦ ਸੰਭਾਲਿਆ ਮੋਰਚਾ

ਮੁਹਾਲੀ ਨਗਰ ਨਿਗਮ ਤੇ 7 ਨਗਰ ਕੌਂਸਲਾਂ ਲਈ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅੰਦਰ ਮੁਹਾਲੀ ਨਗਰ ਨਿਗਮ ਅਤੇ 7 ਨਗਰ ਕੌਂਸਲਾਂ ਦੀ ਚੋਣ ਲਈ ਅੱਜ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਅੱਜ ਦੇਰ ਸ਼ਾਮ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਤਦਾਨ ਪ੍ਰਕਿਰਿਆ ਦੌਰਾਨ ਸਮੁੱਚੇ ਚੋਣ ਅਮਲੇ ਵੱਲੋਂ ਨਿਭਾਈ ਡਿਊਟੀ ਜਿੱਥੇ ਸ਼ਲਾਘਾ ਕੀਤੀ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੋਟਿੰਗ ਦੌਰਾਨ ਸਹਿਯੋਗ ਦੇਣ ਲਈ ਜ਼ਿਲਾ ਵਾਸੀਆਂ ਅਤੇ ਸਮੁੱਚੀ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਹੋਈ ਵੋਟਿੰਗ ਦੌਰਾਨ 60.08 ਫੀਸਦੀ ਮਤਦਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਵਿੱਚ 55.54 ਫੀਸਦੀ, ਨਗਰ ਕੌਂਸਲ ਡੇਰਾਬੱਸੀ ਵਿੱਚ 65.69 ਫੀਸਦੀ, ਕੁਰਾਲੀ ਵਿੱਚ 69.24 ਫੀਸਦੀ, ਬਨੂੜ ਵਿੱਚ 77.91 ਫੀਸਦੀ, ਲਾਲੜੂ ਵਿੱਚ 75.76 ਫੀਸਦੀ, ਜ਼ੀਰਕਪੁਰ ਵਿੱਚ 55 ਫੀਸਦੀ, ਨਵਾਂ ਗਾਉਂ ਵਿੱਚ 65.90 ਫੀਸਦੀ ਅਤੇ ਖਰੜ ਵਿੱਚ 58.14 ਫੀਸਦੀ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਮਤਦਾਨ ਦੌਰਾਨ ਕੁੱਲ 2 ਲੱਖ 87 ਹਜ਼ਾਰ 479 ਵੋਟਰਾਂ ਨੇ ਵੋਟਾਂ ਪਈਆਂ ਹਨ। ਜਿਨ੍ਹਾਂ ਵਿੱਚ 1 ਲੱਖ 51 ਹਜ਼ਾਰ 034 ਪੁਰਸ਼, 1 ਲੱਖ 36 ਹਜ਼ਾਰ 444 ਅੌਰਤਾਂ ਅਤੇ 1 ਧਰਡ ਜੈਂਡਰ ਸ਼ਾਮਲ ਹਨ।
ਉਧਰ, ਅੱਜ ਮਤਦਾਨ ਦੌਰਾਨ ਛੋਟੇ-ਮੋਟੇ ਝਗੜੇ ਦੀਆਂ ਘਟਨਾਵਾਂ ਨੂੰ ਛੱਡ ਕੇ ਸਮੁੱਚੇ ਸ਼ਹਿਰ ਵਿੱਚ ਚੋਣਾਂ ਦਾ ਅਮਲ ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਸੋਹਾਣਾ ਵਿੱਚ ਜਾਅਲੀ ਵੋਟ ਪਾਉਣ ਵਾਲੇ ਨੌਜਵਾਨ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਗਿਆ। ਇਹ ਕਾਰਵਾਈ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਬੈਦਵਾਨ ਦੀ ਸ਼ਿਕਾਇਤ ’ਤੇ ਕੀਤੀ ਗਈ।
ਇੰਜ ਹੀ ਵਾਰਡ ਨੰਬਰ-10 ਵਿੱਚ ਆਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਅਤੇ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਸਮਰਥਕਾਂ ਅਤੇ ਪੁਲੀਸ ਨਾਲ ਖਹਿਬਾਜ਼ੀ ਹੋਈ। ਪੁਲੀਸ ਕਾਹਲੋਂ ਦੇ ਸਮਰਥਕਾਂ ਨੂੰ ਵੀਡੀਓ ਬਣਾਉਣ ਤੋਂ ਰੋਕ ਰਹੀ ਸੀ ਜਦੋਂਕਿ ਕਾਹਲੋਂ ਦਾ ਕਹਿਣਾ ਸੀ ਕਿ ਉਹ ਪੋਲਿੰਗ ਬੂਥ ਦੇ ਬਾਹਰ ਨਿਯਮਾਂ ਤਹਿਤ ਵੀਡੀਓ ਬਣਾ ਰਹੇ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਪੁਲੀਸ ਕਰਮਚਾਰੀਆਂ ਨੂੰ ਲਿਖਤੀ ਪ੍ਰਵਾਨਗੀ ਵੀ ਦਿਖਾਈ ਗਈ। ਇਸ ਬਾਰੇ ਜੀਤੀ ਸਿੱਧੂ ਦਾ ਕਹਿਣਾ ਸੀ ਕਿ ਆਜ਼ਾਦ ਗਰੁੱਪ ਦੇ ਬੰਦਿਆਂ ਨੂੰ ਸ਼ਹਿਰ ਦੇ ਬਾਕੀ ਹਿੱਸਿਆਂ ’ਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦੀ ਪੁਜ਼ੀਸ਼ਨ ਕਾਫੀ ਖਰਾਬ ਹੈ। ਜਿਸ ਕਾਰਨ ਉਹ ਬੁਖਲਾਹਟ ਵਿੱਚ ਆ ਕੇ ਉਨ੍ਹਾਂ ’ਤੇ ਦੂਸ਼ਣਬਾਜ਼ੀ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਜੋ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਸ਼ਹਿਰ ਦੇ 50 ਵਾਰਡਾਂ ਲਈ 260 ਉਮੀਦਵਾਰਾਂ ਦਾ ਭਵਿੱਖ ਅੱਜ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਗਿਆ। ਇਨ੍ਹਾਂ ਚੋਣਾਂ ਦਾ ਨਤੀਜਾ 17 ਫਰਵਰੀ ਨੂੰ ਘੋਸ਼ਿਤ ਕੀਤਾ ਜਾਵੇਗਾ। ਮੁਹਾਲੀ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਦੋ ਥਾਂ ’ਤੇ ਕੀਤਾ ਜਾਵੇਗਾ। ਵਾਰਡ ਨੰਬਰ-1 ਤੋਂ 25 ਦੀਆਂ ਵੋਟਾਂ ਦੀ ਗਿਣਤੀ ਖੇਡ ਸਟੇਡੀਅਮ ਸੈਕਟਰ-78 ਵਿੱਚ ਕੀਤੀ ਜਾਵੇਗੀ ਜਦੋਂਕਿ ਵਾਰਡ ਨੰਬਰ-26 ਤੋਂ 50 ਤੱਕ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਸੈਕਟਰ-65ਏ ਨਾਲ ਲੱਗਦੀ ਅਤਿ-ਆਧੁਨਿਕ ਏਸੀ ਸਬਜ਼ੀ ਮੰਡੀ ਦੀ ਇਮਾਰਤ ਵਿੱਚ ਹੋਵਗੀ।
ਜ਼ਿਲ੍ਹਾ ਚੋਣਕਾਰ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ 50 ਵਾਰਡਾਂ ਲਈ 152 ਪੋਲਿੰਗ ਬੂਥ ਬਣਾਏ ਗਏ ਸਨ ਅਤੇ 1 ਲੱਖ 40 ਹਜ਼ਾਰ 901 ਵੋਟਰ ਹਨ। ਜਿਨ੍ਹਾਂ ਵਿੱਚ 72185 ਪੁਰਸ਼, 68715 ਅੌਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸ਼ਾਮਲ ਹਨ। ਉਂਜ ਸਮੁੱਚੇ ਜ਼ਿਲ੍ਹੇ ਅੰਦਰ ਕੁੱਲ 195 ਵਾਰਡਾਂ ਲਈ 509 ਪੋਲਿੰਗ ਬੂਥ ਬਣਾਏ ਗਏ ਸਨ। ਜਿਨ੍ਹਾਂ ’ਚੋਂ 219 ਸੰਵੇਦਨਸ਼ੀਲ ਅਤੇ 48 ਅਤਿ ਸੰਵੇਦਨਸ਼ੀਲ ਐਲਾਨੇ ਗਏ ਸੀ। ਇਨ੍ਹਾਂ ਥਾਵਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਦੇਖਣ ਨੂੰ ਮਿਲਿਆ। ਐਸਐਸਪੀ ਸਤਿੰਦਰ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਦਾ ਖ਼ੁਦ ਮੋਰਚਾ ਸੰਭਾਲਿਆ ਹੋਇਆ ਸੀ। ਐਸਪੀ ਸਿਟੀ ਹਰਵਿੰਦਰ ਸਿੰਘ ਵਿਰਕ, ਡੀਐਸਪੀ ਗੁਰਸ਼ੇਰ ਸਿੰਘ ਸੰਧੂ, ਡੀਐਸਪੀ ਮਨਜੀਤ ਸਿੰਘ ਅੌਲਖ ਅਤੇ ਡੀਐਸਪੀ ਕਮਲਦੀਪ ਸਮੇਤ ਥਾਣਾ ਮੁਖੀਆਂ ਵੱਲੋਂ ਵਾਰ-ਵਾਰ ਚੱਕਰ ਕੱਟ ਕੇ ਚੋਣਾਂ ਸਬੰਧੀ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਇਸ ਤੋਂ ਇਲਾਵਾ ਪੀਸੀਆਰ ਪਾਰਟੀਆਂ ਦੇ ਕਰਮਚਾਰੀ ਵੀ ਲਗਾਤਾਰ ਪੁਲੀਸ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਐਸਐਸਪੀ ਨੇ ਪੋਲਿੰਗ ਬੂਥਾਂ ਦੇ ਬਾਹਰ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਟੋਲੀਆਂ ਬੰਨ੍ਹ ਕੇ ਖੜੇ ਬਾਹਰਲੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਸਖ਼ਤ ਕਾਰਵਾਈ ਦੀ ਤਾੜਨਾ ਕਰਦਿਆਂ ਉੱਥੋਂ ਖਦੇੜਿਆ ਗਿਆ ਅਤੇ ਕਈ ਨੌਜਵਾਨਾਂ ਨੂੰ ਫੜ ਕੇ ਸਬੰਧਤ ਥਾਣਿਆਂ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਵਾਹਨ ਵੀ ਕਬਜ਼ੇ ਵਿੱਚ ਲਏ ਗਏ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਵੋਟਾਂ ਪੈਣ ਉਪਰੰਤ ਪੋਲਿੰਗ ਪਾਰਟੀਆਂ ਵੱਲੋਂ ਸਾਰੀਆਂ ਈਵੀਐਮ ਅਤੇ ਹੋਰ ਚੋਣ ਸਮੱਗਰੀ ਇੱਥੋਂ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਅਤੇ ਮੰਡੀ ਬੋਰਡ ਕੰਪਲੈਕਸ ਦੇ ਬਣਾਏ ਗਏ ਸਟਰਾਂਗ ਰੂਮ ਵਿੱਚ ਰੱਖੀ ਗਈ ਹੈ। ਜਿਨ੍ਹਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੀਲ ਕੀਤਾ ਗਿਆ। ਈਵੀਐਮ ਮਸ਼ੀਨਾਂ ਦੀ ਸੁਰੱਖਿਆ ਲਈ 24 ਘੰਟੇ ਪੁਲੀਸ ਫੋਰਸ ਤਾਇਨਾਤ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਸਿੱਖਿਆ ਬੋਰਡ ਦੀ ਸਕੱਤਰ ਵੱਲੋਂ ਨਵੇਂ ਸਾਲ 2025 ਦਾ ਕਲੰਡਰ ਰਿਲੀਜ਼

ਸਿੱਖਿਆ ਬੋਰਡ ਦੀ ਸਕੱਤਰ ਵੱਲੋਂ ਨਵੇਂ ਸਾਲ 2025 ਦਾ ਕਲੰਡਰ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 2 ਜਨਵਰੀ: ਨਵੇਂ…