ਨਗਰ ਨਿਗਮ ਚੋਣਾਂ: ਸਾਬਕਾ ਅਕਾਲੀ ਕੌਂਸਲਰਾਂ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਦਿੱਤੇ ਸਾਰੇ ਅਧਿਕਾਰ

ਸਾਬਕਾ ਮੇਅਰ ਕੁਲਵੰਤ ਸਿੰਘ ਨੇ 30 ਵਾਰਡਾਂ ਲਈ ਸੰਭਾਵੀ ਉਮੀਦਵਾਰਾਂ ਦੀ ਚੋਣ

ਸੈਕਟਰ-91 ਵਿੱਚ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਾਬਕਾ ਕੌਂਸਲਰਾਂ ਦੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਇੱਥੋਂ ਦੇ ਸੈਕਟਰ-91 ਵਿੱਚ ਸਾਬਕਾ ਮੇਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਐਤਵਾਰ ਨੂੰ ਦੇਰ ਰਾਤ ਤੱਕ ਚੱਲੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਬੀਸੀ ਸੈੱਲ ਦੇ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਸੁਖਦੇਵ ਸਿੰਘ ਪਟਵਾਰੀ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਹਰਮੇਸ਼ ਸਿੰਘ ਕੁੰਭੜਾ, ਯੂਥ ਆਗੂ ਹਰਮਨਜੋਤ ਸਿੰਘ ਕੁੰਭੜਾ ਸਮੇਤ ਹੋਰ ਅਕਾਲੀ ਆਗੂ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਹਾਜ਼ਰ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੇ ਨਗਰ ਨਿਗਮ ਚੋਣਾਂ ਸਬੰਧੀ ਕੋਈ ਵੀ ਫੈਸਲਾ ਲੈਣ ਦੇ ਸਾਰੇ ਅਧਿਕਾਰ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਦਿੱਤੇ ਗਏ ਅਤੇ ਆਪਸੀ ਵਿਚਾਰ ਚਰਚਾ ਉਪਰੰਤ ਸ਼ਹਿਰ ਦੇ 50 ਵਾਰਡਾਂ ’ਚੋਂ 30 ਵਾਰਡਾਂ ਲਈ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ ਗਿਆ। ਹਾਲਾਂਕਿ ਸਵੇਰੇ ਪ੍ਰਭਾਤ ਫੇਰੀ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਅਕਾਲੀ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੂੰ ਨਿਗਮ ਚੋਣਾਂ ਸਬੰਧੀ ਵਿਸ਼ੇਸ਼ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ ਪ੍ਰੰਤੂ ਸਾਬਕਾ ਕੌਂਸਲਰਾਂ ਨੇ ਇਕਸੁਰ ਵਿੱਚ ਕਿਹਾ ਕਿ ਕੋਈ ਕਮੇਟੀ ਬਣਾਉਣ ਦੀ ਲੋੜ ਨਹੀਂ ਹੈ ਕਿਉਂਕਿ ਪਿਛਲੇ ਪੰਜ ਸਾਲਾਂ ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਮੁਹਾਲੀ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ ਅਤੇ ਉਹ ਬੇਦਾਗ ਸ਼ਖ਼ਸੀਅਤ ਹਨ। ਲਿਹਾਜ਼ਾ ਨਿਗਮ ਚੋਣਾਂ ਉਨ੍ਹਾਂ (ਕੁਲਵੰਤ ਸਿੰਘ) ਦੀ ਅਗਵਾਈ ਹੇਠ ਲੜੀਆਂ ਜਾਣ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਖ਼ਿਲਾਫ਼ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ ਚੋਣ ਲੜਾਉਣ ਦਾ ਫੈਸਲਾ ਲਿਆ ਗਿਆ। ਵਾਰਡ ਨੰਬਰ-48 (ਫੇਜ਼-6) ਤੋਂ ਆਰਪੀ ਸ਼ਰਮਾ, ਫੇਜ਼-4 ਤੋਂ ਕੁਲਦੀਪ ਕੌਰ ਕੰਗ, ਫੇਜ਼-9 ਤੋਂ ਕਮਲਜੀਤ ਸਿੰਘ ਰੂਬੀ, ਸੋਹਾਣਾ ਤੋਂ ਪਰਮਿੰਦਰ ਸਿੰਘ ਬੈਦਵਾਨ ਦੀ ਪਤਨੀ ਬੀਬੀ ਹਰਜਿੰਦਰ ਕੌਰ ਸਮੇਤ ਕਮਲਜੀਤ ਕੌਰ ਅਤੇ ਸੁਰਿੰਦਰ ਸਿੰਘ ਰੋਡਾ, ਸੈਕਟਰ-48 ਤੋਂ ਓਪਿੰਦਰਪ੍ਰੀਤ ਕੌਰ ਗਿੱਲ, ਫੇਜ਼-1 ਤੋਂ ਗੁਰਮੀਤ ਕੌਰ, ਮਟੌਰ ਤੋਂ ਹਰਪਾਲ ਸਿੰਘ ਚੰਨਾ ਦੀ ਭਰਜਾਈ, ਕਰਮਜੀਤ ਕੌਰ ਮਟੌਰ, ਸੈਕਟਰ-68 ਤੋਂ ਜਸਵੀਰ ਕੌਰ ਅੱਤਲੀ, ਕੁੰਭੜਾ ਤੋਂ ਰਵਿੰਦਰ ਸਿੰਘ ਬਿੰਦਰਾ, ਰਮਨਪ੍ਰੀਤ ਕੌਰ, ਸੈਕਟਰ-69 ਸਤਵੀਰ ਸਿੰਘ ਧਨੋਆ ਦੀ ਪਤਨੀ, ਮਰਹੂਮ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਪਤਨੀ ਰਜਿੰਦਰ ਕੌਰ ਕੁੰਭੜਾ, ਸੈਕਟਰ-70 ਤੋਂ ਸੁਖਦੇਵ ਸਿੰਘ ਪਟਵਾਰੀ, ਫੇਜ਼-10 ਤੋਂ ਗੁਰਮੀਤ ਸਿੰਘ ਵਾਲੀਆ ਦੀ ਪਤਨੀ, ਗੁਰਮੁੱਖ ਸਿੰਘ ਸੋਹਲ ਦੀ ਪਤਨੀ, ਵਾਰਡ ਨੰਬਰ-1 ਤੋਂ ਅਵਤਾਰ ਸਿੰਘ ਵਾਲੀਆ ਦੀ ਨੂੰਹ, ਫੇਜ਼-3ਬੀ1 ਤੋਂ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਦੂਜੇ ਵਾਰਡ ਤੋਂ ਪ੍ਰਿੰਸ ਦੀ ਪਤਨੀ ਨੂੰ ਚੋਣ ਲੜਾਉਣ ਬਾਰੇ ਆਪਸੀ ਸਹਿਮਤੀ ਦਿੱਤੀ ਗਈ। ਉਧਰ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੇ ਸਮਰਥਕ ਮਨਮੋਹਨ ਸਿੰਘ ਲੰਗ ਦੀ ਪਤਨੀ ਹਰਵਿੰਦਰ ਕੌਰ ਵਾਲੇ ਵਾਰਡਾਂ ਤੋਂ ਹਾਲੇ ਉਮੀਦਵਾਰਾਂ ਬਾਰੇ ਫੈਸਲਾ ਵਿਚਾਰ ਅਧੀਨ ਹੈ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਵਿਕਾਸ ਦੇ ਨਾਂ ’ਤੇ ਨਗਰ ਨਿਗਮ ਚੋਣਾਂ ਲੜੀਆਂ ਜਾਣਗੀਆਂ ਅਤੇ ਚੰਗੇ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਜ਼ਿਆਦਾਤਰ ਫੈਸਲੇ ਆਪਸੀ ਸਹਿਮਤੀ ਨਾਲ ਲਏ ਜਾਂਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਨੂੰ ਤਵੱਜੋਂ ਦਿੱਤੀ ਜਾਵੇਗੀ।
ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਸਰਕਾਰ ਦੀਆਂ ਵਧੀਕੀਆਂ ਦਾ ਟਾਕਰਾ ਕਰਨ ਲਈ ਬੂਥ ਪੱਧਰ ’ਤੇ ਅਕਾਲੀ ਵਰਕਰਾਂ ਦੀਆਂ ਸਬ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਚੋਣਾਂ ਵਿੱਚ ਸਰਕਾਰ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਚੋਰੀ ਮਾਮਲੇ ਵਿੱਚ ਹੁਣ ਤੱਕ ਪੇਸ਼ ਨਹੀਂ ਕੀਤਾ ਚਲਾਨ

ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਚੋਰੀ ਮਾਮਲੇ ਵਿੱਚ ਹੁਣ ਤੱਕ ਪੇਸ਼ ਨਹੀਂ ਕੀਤਾ ਚਲਾਨ ਇੰਡੀਅਨ ਫਾਰਮਰਜ਼ …