nabaz-e-punjab.com

ਨਗਰ ਨਿਗਮ ਚੋਣਾਂ: ਪਹਿਲੀ ਸੂਚੀ ਜਾਰੀ ਸਾਬਕਾ ਮੇਅਰ ਕੁਲਵੰਤ ਸਿੰਘ ਤੇ ਹੋਰਨਾਂ ਆਗੂ ਦੇ ਨਾਂ ਗਾਇਬ

ਨਾਰਾਜ਼ ਆਗੂਆਂ ਨੇ ਕਿਹਾ ਇਹ ਅਕਾਲੀ ਦਲ ਦੀ ਸੂਚੀ ਨਹੀਂ ਹੈ ਬਲਕਿ ਚੰਦੂਮਾਜਰਾ ਦੀ ਸੂਚੀ ਹੈ

ਕਈ ਸਾਬਕਾ ਕੌਂਸਲਰ ਪਾਰਟੀ ਟਿਕਟ ਦੀ ਬਜਾਏ ਆਜ਼ਾਦ ਚੋਣਾਂ ਲੜਨੀਆਂ ਚਾਹੁੰਦੇ ਹਨ: ਸੂਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਮੁਹਾਲੀ ਨਗਰ ਨਿਗਮ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਗਮ ਚੋਣਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਗਠਿਤ ਵਿਸ਼ੇਸ਼ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਹਾਲਾਂਕਿ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਵਿਧਾਇਕ ਐਨਕੇ ਸ਼ਰਮਾ, ਸੁਖਬੀਰ ਦੇ ਓਐਸਡੀ ਚਰਨਜੀਤ ਸਿੰਘ ਬਰਾੜ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਵੱਲੋਂ ਪਿਛਲੇ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਪਾਰਟੀ ਪ੍ਰਧਾਨ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹੀ 28 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਪ੍ਰੰਤੂ ਇਸ ਸੂਚੀ ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਸਣੇ ਉਨ੍ਹਾਂ ਦੇ ਕਈ ਕੱਟੜ ਸਮਰਥਕਾਂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੇ ਨਾਮ ਗਾਇਬ ਹਨ। ਜਦੋਂਕਿ ਸਿਆਸੀ ਹਲਕਿਆਂ ਵਿੱਚ ਪਹਿਲਾਂ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ।
ਉਧਰ, ਕੁਝ ਦਿਨ ਪਹਿਲਾਂ ਜਦੋਂ ਸੁਖਬੀਰ ਵੱਲੋਂ ਚੋਣਾਂ ਬਾਰੇ ਵਿਸ਼ੇਸ਼ ਕਮੇਟੀ ਬਣਾਉਣ ਤੋਂ ਬਾਅਦ ਹੀ ਅੰਦਰਖਾਤੇ ਬਗਾਵਤ ਹੋਣੀ ਸ਼ੁਰੂ ਹੋ ਗਈ ਸੀ ਅਤੇ ਇਹ ਸਾਰਾ ਕੁੱਝ ਸੋਸ਼ਲ ਮੀਡੀਆ ’ਤੇ ਵੀ ਪਰੋਸਿਆ ਗਿਆ ਸੀ ਪਰ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਨਾਲ ਅਕਾਲੀ ਦਲ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਅਜਿਹੇ ਵਿੱਚ ਅਕਾਲੀ ਦਲ ਨੂੰ ਹੁਕਮਰਾਨ ਪਾਰਟੀ ਨਾਲ ਟੱਕਰ ਲੈਣ ਵਿੱਚ ਦਿੱਕਤਾਂ ਆ ਸਕਦੀਆਂ ਹਨ। ਨਾਰਾਜ਼ ਆਗੂਆਂ ਨੇ ਕਿਹਾ ਕਿ ਇਹ ਅਕਾਲੀ ਦਲ ਦੀ ਸੂਚੀ ਨਹੀਂ ਹੈ ਬਲਕਿ ਚੰਦੂਮਾਜਰਾ ਦੀ ਸੂਚੀ ਹੈ। ਕਈ ਸਾਬਕਾ ਕੌਂਸਲਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਸਾਰੀ ਸਥਿਤੀ ਕਲੀਅਰ ਹੋ ਜਾਵੇਗੀ। ਸੂਤਰ ਇਹ ਦੱਸਦੇ ਹਨ ਕਿ ਕਈ ਸਾਬਕਾ ਕੌਂਸਲਰ ਪਾਰਟੀ ਟਿਕਟ ਦੀ ਬਜਾਏ ਆਜ਼ਾਦ ਚੋਣਾਂ ਲੜਨੀਆਂ ਚਾਹੁੰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ-1 ਤੋਂ ਪ੍ਰੀਤਇੰਦਰਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦੋਂਕਿ ਇਸੇ ਵਾਰਡ ਤੋਂ ਸੀਨੀਅਰ ਅਕਾਲੀ ਆਗੂ ਅਤੇ ਚੰਦੂਮਾਜਰਾ ਦੇ ਅਤਿ ਨਜ਼ਦੀਕੀ ਅਵਤਾਰ ਸਿੰਘ ਵਾਲੀਆ ਦੀ ਨੂੰਹ ਬੀਬੀ ਹਰਮਨਦੀਪ ਕੌਰ ਬਰਾੜ ਵਾਲੀਆ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਪਹਿਲਾਂ ਹੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਇੰਜ ਹੀ ਵਾਰਡ ਨੰਬਰ-2 ਤੋਂ ਯੂਥ ਆਗੂ ਹਰਮਨਪ੍ਰੀਤ ਸਿੰਘ ਪ੍ਰਿੰਸ, ਜਦੋਂਕਿ ਵਾਰਡ ਨੰਬਰ-6 ਤੋਂ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਪ੍ਰਿੰਸ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਵਾਰਡ ਨੰਬਰ-3 ਤੋਂ ਅਕਾਲੀ ਦਲ ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਦੀ ਪਤਨੀ ਸਤਨਾਮ ਕੌਰ ਸੋਹਲ, ਵਾਰਡ ਨੰਬਰ-5 ਤੋਂ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਵਾਰਡ ਨੰਬਰ-8 ਤੋਂ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਵਾਰਡ ਨੰਬਰ-10 ਤੋਂ ਪਰਮਜੀਤ ਸਿੰਘ ਕਾਹਲੋਂ, ਵਾਰਡ ਨੰਬਰ-13 ਤੋਂ ਸ਼ੁਰੇਸ਼ ਕੁਮਾਰੀ, ਵਾਰਡ ਨੰਬਰ-16 ਤੋਂ ਮਨਜੀਤ ਸਿੰਘ ਲੁਬਾਣਾ, ਵਾਰਡ ਨੰਬਰ-17 ਤੋਂ ਹਰਵਿੰਦਰ ਕੌਰ, ਵਾਰਡ ਨੰਬਰ-18 ਤੋਂ ਡਾ. ਤਨਮੀਤ ਕੌਰ ਸਾਹੀਵਾਲ, ਵਾਰਡ ਨੰਬਰ-20 ਤੋਂ ਬੀਰਦਵਿੰਦਰ ਸਿੰਘ, ਵਾਰਡ ਨੰਬਰ-25 ਤੋਂ ਅਮਰ ਕੌਰ ਤਸਿੰਬਲੀ, ਵਾਰਡ ਨੰਬਰ-26 ਤੋਂ ਰਵਿੰਦਰ ਸਿੰਘ ਬਿੰਦਰਾ, ਵਾਰਡ ਨੰਬਰ-28 ਤੋਂ ਰਮਨਦੀਪ ਕੌਰ, ਵਾਰਡ ਨੰਬਰ-29 ਤੋਂ ਕੁਲਦੀਪ ਕੌਰ ਧਨੋਆ, ਵਾਰਡ ਨੰਬਰ-30 ਤੋਂ ਜਸਵੀਰ ਕੌਰ ਅੱਤਲੀ, ਵਾਰਡ ਨੰਬਰ-31 ਤੋਂ ਸਰਬਜੀਤ ਕੌਰ ਸਿੱਧੂ, ਵਾਰਡ ਨੰਬਰ-32 ਤੋਂ ਸੁਰਿੰਦਰ ਸਿੰਘ ਰੋਡਾ, ਵਾਰਡ ਨੰਬਰ-33 ਤੋਂ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰਬ ਸਿੰਘ ਬੈਦਵਾਨ ਦੀ ਪਤਨੀ ਹਰਜਿੰਦਰ ਕੌਰ ਸੋਹਾਣਾ, ਵਾਰਡ ਨੰਬਰ-34 ਤੋਂ ਸੁਖਦੇਵ ਸਿੰਘ ਪਟਵਾਰੀ, ਵਾਰਡ ਨੰਬਰ-35 ਤੋਂ ਰਾਜਿੰਦਰ ਕੌਰ ਕੁੰਭੜਾ, ਵਾਰਡ ਨੰਬਰ-36 ਤੋਂ ਰਮੇਸ਼ ਪ੍ਰਕਾਸ਼ ਕੰਬੋਜ, ਵਾਰਡ ਨੰਬਰ-40 ਤੋਂ ਕਮਲਜੀਤ ਕੌਰ, ਵਾਰਡ ਨੰਬਰ-43 ਤੋਂ ਰਾਜਿੰਦਰ ਕੌਰ, ਵਾਰਡ ਨੰਬਰ-44 ਤੋਂ ਤਰਨਜੋਤ ਸਿੰਘ ਪਾਹਵਾ, ਵਾਰਡ ਨੰਬਰ-45 ਤੋਂ ਮਨਜੀਤ ਕੌਰ ਅਤੇ ਵਾਰਡ ਨੰਬਰ-48 ਤੋਂ ਇਕਬਾਲਪ੍ਰੀਤ ਸਿੰਘ ਪ੍ਰਿੰਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ।

Load More Related Articles

Check Also

ਕੋਈ ਵੀ ਗਰਭਵਤੀ ਅੌਰਤ ਮਿਆਰੀ ਸਿਹਤ ਸੇਵਾਵਾਂ ਤੋਂ ਵਾਂਝੀ ਨਾ ਰਹੇ: ਸਿਵਲ ਸਰਜਨ

ਕੋਈ ਵੀ ਗਰਭਵਤੀ ਅੌਰਤ ਮਿਆਰੀ ਸਿਹਤ ਸੇਵਾਵਾਂ ਤੋਂ ਵਾਂਝੀ ਨਾ ਰਹੇ: ਸਿਵਲ ਸਰਜਨ ਸਿਵਲ ਸਰਜਨ ਡਾ. ਸੰਗੀਤਾ ਜੈਨ…