
ਮਿਉਂਸਪਲ ਚੋਣਾਂ: ਮੁਹਾਲੀ ਜ਼ਿਲ੍ਹੇ ਵਿੱਚ ਤੀਜੇ ਦਿਨ 652 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਮੁਹਾਲੀ ਜ਼ਿਲ੍ਹੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਮੰਗਲਵਾਰ ਨੂੰ ਤੀਜੇ ਦਿਨ 652 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਮੁਹਾਲੀ ਦੇ ਵਾਰਡ ਨੰਬਰ 1 ਤੋ 25 ਤੱਕ ਐਸਡੀਐਮ ਜਗਦੀਪ ਸਹਿਗਲ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਜਦੋਂਕਿ ਵਾਰਡ ਨੰਬਰ-26 ਤੋਂ 50 ਤੱਕ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਵਿੱਚ ਵਿਵਸਥਾ ਕੀਤੀ ਗਈ ਹੈ। ਜਦੋਂਕਿ ਸਬ ਡਵੀਜ਼ਨ ਪੱਧਰ ’ਤੇ ਐਸਡੀਐਮ ਦਫ਼ਤਰਾਂ ਵਿੱਚ ਪੇਪਰ ਦਾਖ਼ਲ ਕੀਤੇ ਜਾ ਰਹੇ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਬੰਧੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 652 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮੁਹਾਲੀ ਨਗਰ ਨਿਗਮ ਚੋਣਾਂ ਲਈ ਮੁਹਾਲੀ ਵਿੱਚ 178 ਉਮੀਦਵਾਰਾਂ ਨੇ ਪੇਪਰ ਦਾਖ਼ਲ ਕੀਤੇ ਹਨ ਜਦੋਂਕਿ ਨਵਾਂ ਗਾਉਂ ਵਿੱਚ 73, ਬਨੂੜ ਵਿੱਚ 24, ਕੁਰਾਲੀ ਵਿੱਚ 48, ਡੇਰਾਬੱਸੀ ਵਿੱਚ 59, ਜ਼ੀਰਕਪੁਰ ਵਿੱਚ 90, ਲਾਲੜੂ ਵਿੱਚ 70 ਅਤੇ ਖਰੜ ਵਿੱਚ 110 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਸ੍ਰੀ ਗਿਰੀਸ਼ ਦਿਆਲਨ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ‘ਨੋ ਡਿਊ ਸਰਟੀਫਿਕੇਟ’ (ਐਨਓਸੀ) ਜਮ੍ਹਾ ਕਰਨੇ ਜ਼ਰੂਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਚਾਹਵਾਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਐਨਓਸੀ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਕੋਲ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ’ਤੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਕੰਮ ਦਾ ਬੋਝ ਵਧ ਗਿਆ ਹੈ। ਉਨ੍ਹਾਂ ਨੇ ਨਿਗਮ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਹੇਠ ਅਜਿਹੇ ਸਰਟੀਫਿਕੇਟ ਦਾਖ਼ਲ ਕਰਨਾ ਕਿਸੇ ਵੀ ਉਮੀਦਵਾਰ ਲਈ ਜ਼ਰੂਰੀ ਨਹੀਂ ਹੈ। ਇਸ ਲਈ ਕੋਈ ਵੀ ਸਰਕਾਰੀ ਦਫ਼ਤਰਾਂ ਵਿੱਚ ਐਨਓਸੀ ਲੈਣ ਲਈ ਖੱਜਲ-ਖੁਆਰ ਨਾ ਹੋਵੇ।