ਮੁੰਨਾ ਲਾਲ ਪੁਰੀ ਸਕੂਲ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ

ਖੇਡ ਸਟੇਡੀਅਮ ਦੇ ਕਮਰੇ ਪੁਲੀਸ ਨੇ ਮੱਲੇ, ਸਕੂਲ ਗਰਾਉਂਡ ਵਿੱਚ ਕੀਤੇ ਜਾਂਦੇ ਨੇ ਵਿਆਹ ਤੇ ਹੋਰ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਪਰਵਾਸੀ ਭਾਰਤੀ ਅਤੇ ਪੁਰੀ ਫਾਉਂਡੇਸ਼ਨ ਯੂਕੇ ਦੇ ਚੇਅਰਮੈਨ ਨੱਥੂ ਰਾਮ ਪੁਰੀ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਕਰੀਬ ਦੋ ਦਹਾਕੇ ਪਹਿਲਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਪੁਰਦ ਕੀਤੇ ਗਏ ਮੁੰਨਾ ਲਾਲ ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਗਰੀਬਦਾਸ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਸਕੂਲ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਬਣਾਏ ਗਏ ਖੇਡ ਸਟੇਡੀਅਮ ਦੇ ਕਮਰੇ ਪੁਲੀਸ ਨੇ ਮੱਲ ਲਏ ਹਨ ਜਦੋਂਕਿ ਗਰਾਉਂਡ ਨੂੰ ਕਮਿਊਨਿਟੀ ਸੈਂਟਰ ਵਜੋਂ ਵਰਤਿਆ ਜਾ ਰਿਹਾ ਹੈ। ਇਲਾਕੇ ਦੇ ਲੋਕ ਸਕੂਲ ਦੇ ਗਰਾਉਂਡ ਵਿੱਚ ਟੈੱਟ ਲਗਾ ਕੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਕਰਵਾਉਂਦੇ ਰਹਿੰਦੇ ਹਨ।
ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਉਪਰੰਤ ਪੁਰੀ ਡਿਵੈਲਪਮੈਂਟ ਟਰੱਸਟ ਦੇ ਚੇਅਰਮੈਨ ਤੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਸਕੂਲ ਦੇ ਆਲੇ ਦੁਆਲੇ ਬੇਸ਼ੁਮਾਰ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਉੱਥੇ ਬੀਮਾਰੀ ਫੈਲਣ ਦਾ ਖ਼ਦਸ਼ਾ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਚਾਰਦੀਵਾਰੀ ਦੀ ਕੰਧ ਵੀ ਕਈ ਥਾਵਾਂ ਤੋਂ ਟੁੱਟ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 5-6 ਵਾਰ ਇਹ ਕੰਧ ਡਿੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀ ਨੱਥੂ ਰਾਮ ਪੁਰੀ ਨੇ 2002 ਵਿੱਚ ਕਰੀਬ ਤਿੰਨ ਕਰੋੜ ਦੀ ਲਾਗਤ ਨਾਲ ਸਕੂਲ ਦੀ ਆਲੀਸ਼ਾਨ ਇਮਾਰਤ ਬਣਾ ਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹਵਾਲੇ ਕੀਤੀ ਗਈ ਸੀ ਲੇਕਿਨ ਬਾਅਦ ਵਿੱਚ ਸਰਕਾਰ, ਵਿਭਾਗੀ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਸਾਂਭਣ ਲਈ ਦਿਲਚਸਪੀ ਨਹੀਂ ਦਿਖਾਈ।
ਉਨ੍ਹਾਂ ਦੱਸਿਆ ਕਿ 2005 ਵਿੱਚ ਸਮਾਜ ਸੇਵੀ ਲਾਲਾ ਲਾਜਪਤ ਰਾਏ ਲੁਧਿਆਣਾ ਨੇ 10 ਲੱਖ ਰੁਪਏ ਦਾਨ ਦਿੱਤੇ ਗਏ। ਇਸ ਰਾਸ਼ੀ ’ਚੋਂ 5 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ, ਸਟੇਜ ਅਤੇ ਦੋ ਕਮਰੇ ਤਿਆਰ ਕੀਤੇ ਗਏ ਅਤੇ ਬਾਕੀ ਪੈਸਿਆਂ ਨਾਲ ਬਾਜ਼ਾਰ ਤੋਂ ਸਕੂਲ ਤੱਕ ਸੜਕ ਬਣਾਈ ਗਈ ਲੇਕਿਨ ਪਿਛਲੇ ਕਾਫ਼ੀ ਸਮੇਂ ਤੋਂ ਸਟੇਡੀਅਮ ਵਾਲੇ ਦੋਵੇ ਕਮਰਿਆਂ ਵਿੱਚ ਪੁਲੀਸ ਮੁਲਾਜ਼ਮ ਰਹਿ ਰਹੇ ਹਨ। ਜਦੋਂਕਿ ਸਕੂਲ ਦੇ ਗਰਾਉਂਡ ਵਿੱਚ ਲੋਕ ਟੈੱਟ ਲਗਾ ਕੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਕਰਵਾਉਂਦੇ ਰਹਿੰਦੇ ਹਨ। ਸਕੂਲ ਵਿੱਚ ਕਰੀਬ 900 ਬੱਚੇ ਪੜ੍ਹਦੇ ਹਨ ਪ੍ਰੰਤੂ ਜਲ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਇੱਥੇ ਬੀਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੀ ਸ਼ਾਨ ਇਸ ਸਰਕਾਰੀ ਸਕੂਲ ਦੇ ਵਿਕਾਸ ਵੱਲ ਧਿਆਨ ਦਿੱਤਾ ਜਾਵੇ।
ਇਸ ਸਬੰਧੀ ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰ ਦੀ ਮਦਦ ਨਾਲ ਪਿੰਡ ਦਾ ਕਾਫ਼ੀ ਵਿਕਾਸ ਕੀਤਾ ਹੈ ਪ੍ਰੰਤੂ ਸਕੂਲ ਨੇੜਿਓਂ ਲੰਘਦੇ ਗੰਦੇ ਨਾਲੇ ਦੇ ਵਿਕਾਸ ਲਈ ਕੋਈ ਗਰਾਂਟ ਨਾ ਮਿਲਣ ਕਾਰਨ ਦਿੱਕਤ ਆ ਰਹੀ ਹੈ। ਖੇਡ ਸਟੇਡੀਅਮ ਦੇ ਕਮਰਿਆਂ ਨੂੰ ਪੁਲੀਸ ਮੁਲਾਜ਼ਮਾਂ ਕੋਲੋਂ ਖਾਲੀ ਨਾ ਕਰਵਾਉਣ ਬਾਰੇ ਸਰਪੰਚ ਨੇ ਕਿਹਾ ਕਿ ਉਨ੍ਹਾਂ (ਪੁਲੀਸ) ਨਾਲ ਕੌਣ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਕੰਮ ਲਈ ਲੋੜੀਂਦੇ ਫੰਡ ਜੁਟਾਉਣ ਲਈ ਚਾਰਾਜੋਈ ਕੀਤੀ ਜਾਵੇਗੀ।
ਉਧਰ, ਸਕੂਲ ਦੀ ਪ੍ਰਿੰਸੀਪਲ ਗੁਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਖੇਡ ਸਟੇਡੀਅਮ ਅਤੇ ਸਕੂਲ ਦੇ ਗਰਾਉਂਡ ਵਾਲੀ ਜ਼ਮੀਨ ਹਾਲੇ ਵੀ ਗਰਾਮ ਪੰਚਾਇਤ ਦੇ ਅਧੀਨ ਹੈ। ਉਂਜ ਵੀ ਇਸ ਸ਼ਾਮਲਾਤ ਜ਼ਮੀਨ ਦਾ ਗਰਾਮ ਪੰਚਾਇਤ ਨਾਲ ਝਗੜਾ ਚੱਲ ਰਿਹਾ ਹੈ ਅਤੇ ਸਟੇਅ ਲੱਗੀ ਹੋਈ ਹੈ। ਜਿਸ ਕਾਰਨ ਸਕੂਲ ਸਟਾਫ਼ ਨੂੰ ਆਪਣੇ ਵਾਹਨ ਵੀ ਨਾਲ ਲਗਦੀ ਜ਼ਮੀਨ ਵਿੱਚ ਖੜਾਉਣੇ ਪੈਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …