nabaz-e-punjab.com

ਕਤਲ ਕਾਂਡ: ਪੁਲੀਸ ਵੱਲੋਂ ਰੇਹੜੀ ਚਾਲਕ ਦੀ ਲਾਸ਼ ਨੂੰ ਲਾਵਾਰਿਸ ਕਰਾਰ ਦੇ ਕੇ ਅੰਤਿਮ ਸਸਕਾਰ

ਰੇਹੜੀ ਚਾਲਕ ਦੀ ਹੱਤਿਆ ਬਾਰੇ ਪੁਲੀਸ ਨੂੰ ਨਹੀਂ ਮਿਲਿਆ ਕੋਈ ਠੋਸ ਸੁਰਾਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਇੱਥੋਂ ਦੇ ਇੰਡਸਟਰੀ ਏਰੀਆ ਫੇਜ਼-7 ਵਿੱਚ ਅਣਪਛਾਤੇ ਰੇਹੜੀ ਚਾਲਕ ਦੀ ਹੱਤਿਆ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ। ਪੁਲੀਸ ਵੱਲੋਂ ਲਾਸ਼ ਨੂੰ ਸ਼ਨਾਖ਼ਤ ਲਈ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਸੀ ਲੇਕਿਨ ਹੁਣ ਤੱਕ ਮ੍ਰਿਤਕ ਰੇਹੜੀ ਚਾਲਕ ਦੀ ਪਛਾਣ ਨਹੀਂ ਹੋ ਸਕੀ। ਜਿਸ ਕਾਰਨ ਪੁਲੀਸ ਨੇ ਅੱਜ ਲਾਸ਼ ਨੂੰ ਲਾਵਾਰਿਸ ਕਰਾਰ ਦੇ ਕੇ ਪੋਸਟ ਮਾਰਟਮ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ। ਸਨਅਤੀ ਏਰੀਆ ਫੇਜ਼-8 ਪੁਲੀਸ ਚੌਂਕੀ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਰੇਹੜੀ ਚਾਲਕ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਹੋਈ ਸੀ।
ਪੁਲੀਸ ਦੀ ਜਾਣਕਾਰੀ ਅਨੁਸਾਰ ਦੇਖਣ ਨੂੰ 50 ਸਾਲ ਦਾ ਇਹ ਵਿਅਕਤੀ ਨੇਪਾਲੀ ਜਾਪਦਾ ਹੈ। ਉਹ ਪਿਛਲੇ ਕੁਝ ਸਮੇਂ ਤੋਂ ਉਦਯੋਗਿਕ ਖੇਤਰ ਵਿੱਚ ਰੇਹੜੀ ਚਲਾਉਂਦਾ ਸੀ। ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਨੇੜੇ ਇਕ ਝੁੱਗੀ ਬਣੀ ਹੋਈ ਹੈ। ਇੱਥੇ ਨੇੜੇ ਹੀ ਵੱਡੇ ਟੇਬਲ ਉੱਤੇ ਕੁਝ ਥ੍ਰੀ ਵ੍ਹੀਲਰ ਚਾਲਕ ਬੈਠ ਕੇ ਆਰਾਮ ਕਰਦੇ ਹਨ ਅਤੇ ਉਕਤ ਵਿਅਕਤੀ ਵੀ ਕਈ ਵਾਰ ਉੱਥੇ ਆ ਕੇ ਸੌਂ ਜਾਂਦਾ ਸੀ। ਇਸ ਦੌਰਾਨ ਉਸ ਦਾ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਸਿਰ ਵਿੱਚ ਵਾਰ ਕਰਕੇ ਕਤਲ ਕਰ ਦਿੱਤਾ। ਘਟਨਾ ਸ਼ਨੀਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਕਿਸੇ ਰਾਹਗੀਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਸੜਕ ਕਿਨਾਰੇ ਟੇਬਲ ਉੱਤੇ ਕਿਸੇ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੌਂਕੀ ਇੰਚਾਰਜ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲੀਸ ਨੂੰ ਰੇਹੜੀ ਚਾਲਕ ਦੇ ਪੋਸਟ ਮਾਰਟਮ ਦੀ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਦਯੋਗਿਕ ਏਰੀਆ ਅਤੇ ਸੰਪਰਕ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…