ਪੱਤਰਕਾਰ ਕੇਜੇ ਸਿੰਘ ਦੇ ਕਤਲ ਮਾਮਲੇ ਵਿੱਚ ਮੁਹਾਲੀ ਪੁਲੀਸ ਦੇ ਹੱਥ ਖਾਲੀ

ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਹੈ ਪੁਲੀਸ ਦੀ ਜਾਂਚ ਟੀਮ, ਪੁਲੀਸ ਦੀ ਕਾਰਗੁਜ਼ਾਰੀ ’ਤੇ ਉਠ ਰਹੇ ਹਨ ਸਵਾਲ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਬੀਤੀ 22 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਸਥਾਨਕ ਫੇਜ਼-3ਬੀ2 ਦੀ ਇੱਕ ਕੋਠੀ ਵਿੱਚ ਹੋਏ ਪੱਤਰਕਾਰ ਕੇਜੇ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਹੁਣੇ ਵੀ ਖਾਲੀ ਹਨ ਅਤੇ ਲੱਖ ਯਤਨਾਂ ਦੇ ਬਾਵਜੂਦ ਪੁਲੀਸ ਇਸ ਮਾਮਲੇ ਵਿੱਚ ਕਿਸੇ ਸਿੱਟੇ ਤੇ ਨਹੀਂ ਪਹੁੰਚ ਪਾਈ ਹੈ। ਜਿਸ ਕਾਰਨ ਆਮ ਲੋਕਾਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ 22 ਅਤੇ 23 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫੇਜ਼-3ਬੀ2 ਵਿੱਚ ਕੇਜੇ ਸਿੰਘ ਦੇ ਘਰ ਵਿੱਚ ਦਾਖਿਲ ਹੋ ਕੇ ਤੇਜਧਾਰ ਹਥਿਆਰਾਂ ਨਾਲ ਕੇਜੇ ਸਿੰਘ ਅਤੇ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ।
ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵਲੋੱ ਉੱਚ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਅਤੇ ਪੁਲੀਸ ਵੱਲੋਂ ਤਿੰਨ ਚਾਰ ਦਿਨ ਤਕ ਇਸ ਕੋਠੀ ਵਿੱਚ ਕਤਲ ਨਾਲ ਸਬੰਧਿਤ ਸੁਰਾਗ ਵੀ ਲੱਭੇ ਜਾਂਦੇ ਰਹੇ ਸਨ ਪਰੰਤੂ ਪੁਲੀਸ ਨੂੰ ਇਸ ਮਾਮਲੇ ਵਿੱਚ ਹੁਣ ਕੋਈ ਕਾਮਯਾਬੀ ਹਾਸਿਲ ਨਹੀਂ ਹੋ ਪਾਈ ਹੈ। ਫੇਜ਼-3ਬੀ2 ਦੇ ਕੌਂਸਲਰ ਕੁਲਜੀਤ ਸਿੰਘ ਬੇਦੀ (ਜਿਨ੍ਹਾਂ ਦੇ ਵਾਰਡ ਵਿੱਚ ਕਤਲ ਦੀ ਇਹ ਘਟਨਾ ਵਾਪਰੀ ਸੀ) ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਨਿਰਾਸ਼ ਕਰਨ ਵਾਲੀ ਹੀ ਰਹੀ ਹੈ। ਉਹਨਾਂ ਕਿਹਾ ਕਿ ਪੱਤਰਕਾਰ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਬੇਦਰਦੀ ਨਾਲ ਕੀਤੇ ਗਏ ਕਤਲ ਦੀ ਇਸ ਵਾਰਦਾਤ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਸ਼ਹਿਰ ਵਾਸੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਪਰੰਤੂ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਹੋਈ ਜਾਂਚ ਦੀ ਤਰੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਤੋਂ ਹੀ ਫੇਜ਼-3ਬੀ2 ਦੇ ਵਸਨੀਕ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ ਅਤੇ ਪੁਲੀਸ ਵੱਲੋਂ ਇਸ ਮਾਮਲੇ ਨੂੰ ਹਲ ਕਰਨ ਵਿੱਚ ਨਾਕਾਮ ਰਹਿਣ ਕਾਰਨ ਲੋਕ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲ ਉਠਾਉਣ ਲੱਗ ਪਏ ਹਨ।
ਸ੍ਰੀ ਬੇਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ (ਸੱਤ ਅੱਠ ਸਾਲ ਪਹਿਲਾਂ) ਸਥਾਨਕ ਫੇਜ਼-4 ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਤੇਜਧਾਰ ਹਥਿਆਰਾਂ ਨਾਲ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਸੀ ਅਤੇ ਜਿਸ ਤਰੀਕੇ ਨਾਲ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੇ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਵਲੋੱ ਕੋਈ ਵੀ ਤੱਥ ਉਜਾਗਰ ਨਹੀਂ ਕੀਤਾ ਗਿਆ ਹੈ ਅਤੇ 18 ਦਿਨ ਬਾਅਦ ਵੀ ਕਾਤਲ ਕਾਬੂ ਨਹੀਂ ਕੀਤੇ ਜਾ ਸਕੇ ਹਨ ਉਸ ਨਾਲ ਇਸ ਮਾਮਲੇ ਦੇ ਵੀ ਫਾਈਲਾਂ ਵਿੱਚ ਦਬੇ ਰਹਿਣ ਦੀ ਆਸ਼ੰਕਾ ਬਣ ਰਹੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੁਲੀਸ ਵੱਲੋਂ ਇਸ ਖੇਤਰ ਵਿੱਚ ਚਲਣ ਵਾਲੇ ਮੋਬਾਈਲ ਫੋਨਾਂ ਦੀ ਪੂਰੀ ਡਿਟੇਲ ਕੱਢਵਾਈ ਗਈ ਸੀ ਅਤੇ ਮੁਹਾਲੀ ਦੇ ਵਸਨੀਕਾਂ ਨੂੰ ਪੁਲੀਸ ਵੱਲੋਂ ਉਸ ਰਾਤ ਉਹਨਾਂ ਵੱਲੋਂ ਉਹਨਾਂ ਦੇ ਮੋਬਾਈਲ ਫੋਨ ਤੇ ਹੋਈ ਗੱਲਬਾਤ ਸੰਬੰਧੀ ਥਾਣੇ ਵਿੱਚ ਵੀ ਸੱਦਿਆ ਜਾਂਦਾ ਰਿਹਾ ਹੈ। ਇਸ ਤੋੱ ਇਲਾਵਾ ਉਹਨਾਂ ਦੇ ਖੁਦ ਮੁਹੱਲੇ ਵਿੱਚ ਲੱਗੇ ਤਮਾਮ ਸੀਸੀਟੀਵੀ ਕੈਮਰਿਆਂ ਦੀ ਪੂਰੀ ਫੁਟੇਜ ਪੁਲੀਸ ਨੂੰ ਮੁਹਈਆਂ ਕਰਵਾਈ ਹੈ ਅਤੇ ਮੁਹੱਲੇ ਦੇ ਤਮਾਮ ਵਸਨੀਕਾਂ ਵੱਲੋਂ ਪੁਲੀਸ ਨੂੰ ਪੂਰਾ ਸਹਿਯੋਗ ਵੀ ਦਿੱਤਾ ਜਾਂਦਾ ਰਿਹਾ ਹੈ ਪ੍ਰੰਤੂ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਠੋਸ ਨਤੀਜਾ ਨਾ ਆਉਣ ਕਾਰਣ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ ਅਤੇ ਪੁਲੀਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਦੋਹਰੇ ਕਤਲ ਦੇ ਇਸ ਮਾਮਲੇ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰਕੇ ਸੱਚਾਈ ਦੁਨੀਆਂ ਦੇ ਸਾਹਮਣੇ ਲਿਆਏ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਮੰਨਿਆ ਕਿ ਪੁਲੀਸ ਹੁਣ ਤੱਕ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਪਾਈ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਪੂਰਾ ਰਿਕਾਰਡ ਵੇਖਿਆ ਜਾ ਰਿਹਾ ਹੈ ਅਤੇ ਹੁਣੇ ਉਹ ਇਸ ਬਾਰੇ ਵਿੱਚ ਕੁਝ ਨਹੀਂ ਦੱਸ ਸਕਦੇ। ਮੁਹੱਲੇ ਦੇ ਵਸਨੀਕਾਂ ਨੂੰ ਥਾਣੇ ਬੁਲਾਏ ਜਾਣ ਬਾਰੇ ਉਹਨਾਂ ਕਿਹਾ ਕਿ ਅਜਿਹਾ ਸਿਰਫ ਵੈਰੀਫਿਕੇਸ਼ਨ ਲਈ ਹੀ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਲੀਸ ਨਾਲ ਸਹਿਯੋਗ ਕਰਨ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…