
ਸਿਰ ਵਿੱਚ ਲੱਕੜ ਦਾ ਬਾਲਾ ਮਾਰ ਕੇ ਮਜ਼ਦੂਰ ਦਾ ਕਤਲ, ਤਿੰਨ ਮੁਲਜ਼ਮ ਗ੍ਰਿਫ਼ਤਾਰ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਇੱਥੋਂ ਦੇ ਨੇੜਲੇ ਕਸਬਾ ਨਵਾਂ ਗਰਾਓਂ ਵਿੱਚ ਦੀਵਾਲੀ ਵਾਲੀ ਸ਼ਾਮ ਇਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਬੀਰ (18) ਵਾਸੀ ਰਾਜਸਥਾਨ (ਗੰਗਾਨਗਰ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਉਹ ਦਸਮੇਸ਼ ਨਗਰ (ਨਵਾਂ ਗਰਾਓਂ) ਵਿੱਚ ਰਹਿ ਰਿਹਾ ਸੀ। ਇਸ ਸਬੰਧੀ ਨਵਾਂ ਗਰਾਓਂ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਬਾਸੂ (20) ਨੂੰ ਛੱਡ ਕੇ ਦੋ ਬਾਲ ਅਪਰਾਧੀ ਹਨ।
ਪੁਲੀਸ ਦੀ ਜਾਣਕਾਰੀ ਅਨੁਸਾਰ ਰਾਜਬੀਰ ਦੀ ਮੁਲਜ਼ਮਾਂ ’ਚੋਂ ਇੱਕ ਵਿਅਕਤੀ ਨਾਲ ਪੁਰਾਣੀ ਰੰਜ਼ਿਸ਼ ਸੀ ਅਤੇ ਬੀਤੀ ਦੇਰ ਸ਼ਾਮ ਕਰੀਬ 7 ਵਜੇ ਰਾਜਬੀਰ ਆਪਣਾ ਕੰਮ ਖਤਮ ਕਰਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਮੁਲਜ਼ਮ ਨੇ ਘੇਰ ਲਿਆ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਾਅਦ ਵਿੱਚ ਮੁਲਜ਼ਮ ਨੇ ਫੋਨ ਕਰਕੇ ਬਾਸੂ ਅਤੇ ਆਪਣੇ ਇਕ ਹੋਰ ਸਾਥੀ ਦਸ਼ਮੇਸ਼ ਨਗਰ ਵਿਖੇ ਬੁਲਾ ਲਿਆ ਅਤੇ ਜਿੱਥੇ ਤਿੰਨਾਂ ਜਣਿਆਂ ਨੇ ਰਾਜਬੀਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਾਸੂ ਨੇ ਰਾਜਬੀਰ ਦੇ ਸਿਰ ’ਤੇ ਲੱਕੜ ਦੇ ਬਾਲੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਤਿੰਨੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਰਾਜਬੀਰ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਅੱਜ ਸਵੇਰੇ ਉਸ ਨੇ ਦਮ ਤੋੜ ਦਿੱਤਾ।
ਇਸ ਸਬੰਧੀ ਨਵਾਂ ਗਰਾਓਂ ਥਾਣਾ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਥੋੜੀ ਹੀ ਦੇਰ ਬਾਅਦ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਧਾਰਾ 302 ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵਾਰਦਾਤ ਬਾਰੇ ਸੂਚਨਾ ਦੇ ਦਿੱਤੀ ਹੈ ਅਤੇ ਭਲਕੇ ਸੋਮਵਾਰ ਨੂੰ ਪੋਸਟ ਮਾਰਟਮ ਕਰਵਾਇਆ ਜਾਵੇਗਾ।