Share on Facebook Share on Twitter Share on Google+ Share on Pinterest Share on Linkedin ਫੋਰਟਿਸ ਹਸਪਤਾਲ ਮੁਹਾਲੀ ਦੇ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ, ਕੇਸ ਦਰਜ ਫੋਰਟਿਸ ਹਸਪਤਾਲ ਦੇ ਡਾਕਟਰ ਨੇ ਵੀਡੀਓ ਕਾਲ ਕਰਕੇ ਜ਼ਰੂਰੀ ਕੰਮ ਕਹਿ ਕੇ ਘਰੋਂ ਸੱਦਿਆ ਸੀ ਬਾਹਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ: ਮੁਹਾਲੀ ਵਿੱਚ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਰੁਣ ਭਾਰਦਵਾਜ (29) ਵਾਸੀ ਫੇਜ਼-9 ਵਜੋ ਹੋਈ ਹੈ। ਉਹ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਨੌਕਰੀ (ਮੇਲ ਨਰਸ) ਕਰਦਾ ਸੀ। ਇੱਥੇ ਮੁਹੱਲੇ ਵਿੱਚ ਰਹਿੰਦੀ ਭਾਜਪਾ ਦੀ ਸਾਬਕਾ ਕੌਂਸਲਰ ਬੀਬੀ ਪ੍ਰਕਾਸ਼ਵਤੀ ਦੇ ਸਪੁੱਤਰ ਅਤੇ ਸੀਨੀਅਰ ਭਾਜਪਾ ਆਗੂ ਰਮੇਸ਼ ਵਰਮਾ ਨੇ ਦੱਸਿਆ ਕਿ ਅਰੁਣ ਮਕਾਨ ਨੰਬਰ ਐਚਐਚ-466 ਦੀ ਪਹਿਲੀ ਮੰਜ਼ਲ ’ਤੇ ਆਪਣੇ ਮਾਪਿਆਂ, ਪਤਨੀ ਅਤੇ ਸਵਾ ਕੁ ਮਹੀਨੇ ਦੀ ਬੱਚੀ ਨਾਲ ਕਿਰਾਏ ’ਤੇ ਰਹਿੰਦਾ ਸੀ। ਉਂਜ ਪਿੱਛੋਂ ਉਹ ਪਿੰਡ ਗੜ੍ਹਦੀਵਾਲਾ (ਹੁਸ਼ਿਆਰਪੁਰ) ਦਾ ਰਹਿਣ ਵਾਲਾ ਸੀ। ਘਟਨਾ ਬੀਤੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ-2) ਦੀਪ ਕੰਵਲ ਅਤੇ ਫੇਜ-8 ਥਾਣਾ ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਤੋਂ ਪੁੱਛਗਿੱਛ ਕੀਤੀ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਵਿਜੈ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਅਰੁਣ ਬੀਤੀ ਸ਼ਾਮ ਡਿਊਟੀ ਖ਼ਤਮ ਕਰਕੇ ਆਪਣੇ ਘਰ ਆ ਗਿਆ ਸੀ ਅਤੇ ਦੇਰ ਰਾਤ ਉਸ ਨੂੰ ਫੋਰਟਿਸ ਹਸਪਤਾਲ ਦੇ ਇਕ ਡਾਕਟਰ ਨੇ ਵੀਡੀਓ ਕਾਲ ਕੀਤੀ ਅਤੇ ਜ਼ਰੂਰੀ ਕੰਮ ਕਹਿ ਕੇ ਬਾਹਰ ਸੱਦਿਆ। ਫੋਨ ਸੁਣਨ ਤੋਂ ਬਾਅਦ ਅਰੁਣ ਆਪਣੀ ਕਾਰ ਲੈ ਕੇ ਘਰੋਂ ਬਾਹਰ ਚਲਾ ਗਿਆ। ਇਸ ਦੌਰਾਨ ਉਹ ਵੀ ਖਾਣਾ ਖਾ ਕੇ ਸੈਰ ਕਰਨ ਲਈ ਸਿਟੀ ਪਾਰਕ ਵੱਲ ਚੱਲ ਪਿਆ। ਰਸਤੇ ਵਿੱਚ ਉਸ ਨੇ ਦੇਖਿਆ ਕਿ ਸੈਕਟਰ-68 ਸਥਿਤ ਵਣ ਭਵਨ ਨੇੜਲੇ ਸ਼ਰਾਬ ਦੇ ਠੇਕੇ ਦੇ ਬਾਹਰ ਕੁਝ ਲੋਕ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਹਨ। ਉਸ ਨੇ ਦੇਖਿਆ ਕਿ ਕਮਲ ਗਰੇਵਾਲ ਨਾਂ ਦਾ ਲੜਕਾ ਅਤੇ ਕੁਟ ਅਣਪਛਾਤੇ ਵਿਅਕਤੀ ਉਸ ਦੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਰਹੇ ਸੀ। ਲਲਕਾਰੇ ਮਾਰਦਾ ਹੋਇਆ ਗਰੇਵਾਲ ਇਹ ਕਹਿੰਦਾ ਸੁਣਿਆ ਕਿ ਅੱਜ ਇਸ (ਅਰੁਣ) ਨੂੰ ਜਿਊਂਦਾ ਨਹੀਂ ਛੱਡਣਾ। ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰਾਂ ਉੱਥੋਂ ਭੱਜ ਗਏ। ਰਾਹਗੀਰਾਂ ਦੀ ਮਦਦ ਨਾਲ ਅਰੁਣ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਪਹੁੰਚਿਆ ਗਿਆ ਲੇਕਿਨ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀਐਸਪੀ ਦੀਪ ਕੰਵਲ ਨੇ ਦੱਸਿਆ ਕਿ ਇਸ ਸਬੰਧੀ ਸੈਟਰਲ ਥਾਣਾ ਫੇਜ਼-8 ਵਿੱਚ ਕਮਲ ਗਰੇਵਾਲ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਟੀਮਾਂ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਧਰ, ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਬਾਅਦ ਦੁਪਹਿਰ ਪੀੜਤ ਪਰਿਵਾਰ ਲਾਸ਼ ਨੂੰ ਲੈ ਕੇ ਆਪਣੇ ਜੱਦੀ ਪਿੰਡ ਲਈ ਰਵਾਨਾ ਹੋ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ