nabaz-e-punjab.com

ਕਤਲ ਤੇ ਲੁੱਟਾਂ-ਖੋਹਾਂ ਦਾ ਮਾਮਲਾ: ਗੈਂਗਸਟਰ ਗਗਨਦੀਪ ਉਰਫ਼ ਗਗਨ ਜੱਜ ਦਾ 7 ਦਿਨਾਂ ਪੁਲੀਸ ਰਿਮਾਂਡ

ਮੁਲਜ਼ਮ ਕੋਲੋਂ ਜਾਅਲੀ ਆਰਸੀ, ਜਾਅਲੀ ਲਾਇਸੈਂਸ, ਜਾਅਲੀ ਨੰਬਰ ਪਲੇਟਾਂ ਤੇ ਅਸਲਾ ਬਰਾਮਦ

ਡੀਐਸਪੀ ਵਿਭੋਰ ਸ਼ਰਮਾ ਨੇ ਕਿਹਾ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ ’ਚ ਲੈ ਕੇ ਜਾਣਾ ਹੈ ਮੁਲਜ਼ਮ ਨੂੰ

ਸੈਕਟਰ-36 ਦੀ ਮਾਰਕੀਟ ਵਿੱਚ ਪੰਜਾਬ ਪੁਲੀਸ ਦੇ ਕਰਾਈਮ ਕੰਟਰੋਲ ਯੂਨਿਟ ਦੀ ਟੀਮ ’ਤੇ ਕੀਤੀ ਸੀ ਫਾਇਰਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਪੰਜਾਬ ਪੁਲੀਸ ਦੇ ਕਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਵੱਲੋਂ ਕਤਲ ਅਤੇ ਲੁੱਟਾਂ-ਖੋਹਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਅੰਤਰਰਾਜ਼ੀ ਗੈਂਗਸਟਰ ਗਗਨਦੀਪ ਸਿੰਘ ਉਰਫ਼ ਗਗਨ ਜੱਜ ਨੂੰ ਅੱਜ ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ ਅਮਿਤ ਬਖ਼ਸ਼ੀ ਦੀ ਅਦਾਲਤ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਡੀਐਸਪੀ ਵਿਭੋਰ ਕੁਮਾਰ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ 10 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੂੰ ਵੀਰਵਾਰ ਨੂੰ ਗੁਪਤ ਸੂਚਨਾ ’ਤੇ ਸੈਕਟਰ-36, ਚੰਡੀਗੜ੍ਹ ਦੀ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਮੁਲਜ਼ਮ ਨੇ ਪੁਲੀਸ ਕਰਮਚਾਰੀਆਂ ਉੱਤੇ ਵੀ ਫਾਇਰਿੰਗ ਕਰਕੇ ਭੱਜਣ ਕੀ ਕੋਸ਼ਿਸ਼ ਕੀਤੀ ਸੀ ਲੇਕਿਨ ਪੁਲੀਸ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਲੁਧਿਆਣਾ ਵਿੱਚ 30 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਗੈਂਗਸਟਰ ਗਗਨ ਜੱਜ ਨੇ ਮੰਨਿਆਂ ਕਿ ਉਸ ਦੇ ਗਰੋਹ ਨੇ ਹੀ ਲੁਧਿਆਣਾ ਵਿੱਚ 12 ਕਰੋੜ ਦਾ ਸੋਨਾ ਲੁੱਟਿਆਂ ਸੀ। ਮੁਲਜ਼ਮ ਦੇ ਖ਼ਿਲਾਫ਼ ਮੁਹਾਲੀ ਵਿੱਚ 302, 307, 382 ਕਤਲ, ਲੁੱਟਾਂਖੋਹਾਂ ਅਤੇ ਅਸਲਾ ਐਕਟ ਦੇ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਨੇ ਅਦਾਲਤ ਨੂੰ ਦੱਸਿਆ ਕਿ ਗਗਨਦੀਪ ਦੇ ਖ਼ਿਲਾਫ਼ ਕਤਲ ਅਤੇ ਲੁੱਟਾਂ ਖੋਹਾਂ ਦੇ ਕਈ ਕੇਸ ਦਰਜ ਹਨ। ਬੀਤੇ ਦਿਨੀਂ ਪੁਲੀਸ ਨੂੰ ਮੁਲਜ਼ਮ ਦੇ ਚੰਡੀਗੜ੍ਹ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਹੋਰਨਾਂ ’ਤੇ ਲੈ ਕੇ ਜਾਣਾ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਬਰੀਕੀ ਨਾਲ ਪੜਤਾਲ ਕਰਨੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇਕ ਪਿਸਤੌਲ, ਦੋ ਮੈਗਜ਼ੀਨ ਅਤੇ 50 ਜਿੰਦਾ ਕਾਰਤੂਸਾਂ ਸਮੇਤ ਲਗਭਗ 31 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗਿਰੋਹ ਕਾਲ ਟਰੇਸਿੰਗ ਤੋਂ ਬਚਣ ਲਈ ਆਪਣੇ ਗਰੋਹ ਦੇ ਮੈਂਬਰਾਂ ਨਾਲ ਵਾਇਰਲੈੱਸ ਹੈਂਡਸੈੱਟਾਂ ਰਾਹੀਂ ਗੱਲਬਾਤ ਕਰਦਾ ਸੀ। ਗੈਂਗਸਟਰ ਕੋਲੋਂ ਚੋਰੀ ਦੀ ਇਕ ਆਈ-20 ਕਾਰ ਅਤੇ ਤਿੰਨ ਵਾਕੀਟਾਕੀ (ਡਬਲਯੂ/ਟੀ) ਸੈੱਟ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਵਾਹਨਾਂ ਦੀਆਂ ਜਾਅਲੀ ਆਰਸੀ, ਜਾਅਲੀ ਲਾਇਸੈਂਸ ਅਤੇ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰੇ ਪਹਿਲੂਆਂ ਬਾਰੇ ਜਾਂਚ ਅਤੇ ਪੁੱਛਗਿੱਛ ਕੀਤੀ ਜਾਣੀ ਹੈ। ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੈਂਗਸਟਰ ਗਗਨਦੀਪ ਜੱਜ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮ ਨੂੰ 20 ਮਾਰਚ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ’ਚੋਂ ਸੋਨਾ ਲੁੱਟਣ ਦੇ ਮਾਮਲੇ ਵਿੱਚ ਗਰੋਹ ਦੇ ਹੋਰ ਮੈਂਬਰਾਂ ਅਤੇ ਗਗਨ ਦੇ ਬਾਕੀ ਸਾਥੀਆਂ ਦੀ ਪੈੜ ਨੱਪਣ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗਗਨ ਤਿੰਨ ਹਫ਼ਤੇ ਪਹਿਲਾਂ ਵਾਪਰੀ ਲੁੱਟਖੋਹ ਦੀ ਵਾਰਦਾਤ ਵਿੱਚ ਸ਼ਾਮਲ ਪੰਜ ਸ਼ੱਕੀ ਵਿਅਕਤੀਆਂ ਵਿੱਚ ਸ਼ਾਮਲ ਸੀ। ਗੈਂਗਸਟਰ ਗਗਨਦੀਪ ਅਤੇ ਉਸਦੇ ਗਰੋਹ ਦੇ ਮੈਂਬਰ ਕਥਿਤ ਤੌਰ ’ਤੇ ਪੈਸੇ ਲੈ ਕੇ ਹੱਤਿਆ, ਕਤਲ ਦੀ ਕੋਸ਼ਿਸ਼, ਜ਼ਬਰੀ ਵਸੂਲੀ, ਵਾਹਨ ਖੋਹਣ ਅਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਦੋ ਦਰਜਨ ਤੋਂ ਵੱਧ ਕੇਸਾਂ ਵਿੱਚ ਸ਼ਾਮਲ ਹਨ। ਇਕ ਹੋਰ ਫਰਾਰ ਗੈਂਗਸਟਰ ਜੈਪਾਲ ਨਾਲ ਵੀ ਉਸ ਦੇ ਨਜ਼ਦੀਕੀ ਸਬੰਧ ਹਨ।
(ਬਾਕਸ ਆਈਟਮ)
ਡੀਜੀਪੀ ਦਿਨਕਰ ਗੁਪਤਾ ਨੇ ਗੈਂਗਸਟਰ ਗਗਨਦੀਪ ਉਰਫ਼ ਗਗਨ ਜੱਜ ਦੀ ਗ੍ਰਿਫ਼ਤਾਰੀ ਲਈ ਓਸੀਸੀਯੂ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਲਈ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਬਹਾਦਰੀ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ’ਚੋਂ ਗੈਂਗਸਟਰਾਂ ਦੇ ਖਾਤਮੇ ਲਈ ਵਚਨਬਧ ਹੈ ਅਤੇ ਗੁਆਂਢੀ ਸੂਬਿਆਂ ਖ਼ਾਸਕਰ ਟਰਾਈਸਿਟੀ ਦੀ ਪੁਲੀਸ ਨਾਲ ਨਜ਼ਦੀਕੀ ਤਾਲਮੇਲ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 4-5 ਹੋਰ ਲੋੜੀਂਦੇ ਗੈਂਗਸਟਰ ਪੰਜਾਬ ਪੁਲੀਸ ਦੇ ਨਿਸ਼ਾਨੇ ’ਤੇ ਹਨ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਪੁਲੀਸ ਖੂੰਖਾਰ ਗੈਂਗਸਟਰਾਂ ਅਤੇ ਅਜਿਹੇ ਗਰੋਹਾਂ ਨਾਲ ਜੁੜੇ ਅਪਰਾਧਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …