ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ, ਗੋਲੀ ਲੱਗਣ ਤੋੱ ਬਾਅਦ ਹਸਪਤਾਲ ਵਿੱਚ ਦਾਖਿਲ

ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਲਈ ਹਮਲੇ ਦੀ ਜਿੰਮੇਵਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ (ਗਾਲ ਨੀ ਕੱਢਣੀ) ਉੱਤੇ ਬੀਤੀ ਰਾਤ ਇੱਥੋਂ ਦੇ ਸੈਕਟਰ-91 ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਗਾਇਕ ਵਾਲ ਵਾਲ ਬਚ ਗਿਆ। ਉਸ ਨੂੰ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਹਾਲੇ ਹਮਲਾਵਰਾਂ ਨੂੰ ਤਲਾਸ਼ ਹੀ ਰਹੀ ਸੀ ਕਿ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਪੋਸਟ ਅਪਲੋਡ ਕਰਕੇ ਗਾਇਕ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰ ਲੈ ਲਈ।
ਜਾਣਕਾਰੀ ਅਨੁਸਾਰ ਪਰਮੀਸ਼ ਨੂੰ ਮੁਹਾਲੀ ਦੇ ਸੈਕਟਰ-91 ਵਿੱਚ ਦੇਰ ਰਾਤ ਉਸਦੀ ਰਿਹਾਇਸ਼ ਨੇੜੇ ਕਿਸੇ ਅਣਪਛਾਣੇ ਵਿਅਕਤੀ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਉਸ ਵੱਲੋਂ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਹਮਲਾਵਰ ਬਾਰੇ ਕਿਹਾ ਗਿਆ ਹੈ ਕਿ ਉਹ ਉਸ ਨੂੰ ਜਾਣਦਾ ਨਹੀਂ ਹੈ ਅਤੇ ਹਮਲਾਵਰ ਜਿਸ ਗੱਡੀ ਵਿੱਚ ਸਵਾਰ ਹੋ ਕੇ ਆਇਆ ਸੀ ਉਸ ਵਿੱਚ ਹੋਰ ਕਿੰਨੇ ਵਿਅਕਤੀ ਸਨ ਇਸ ਬਾਰੇ ਵੀ ਗਾਇਕ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਮੁਹਾਲੀ ਪੁਲੀਸ ਵੱਲੋਂ ਪਹਿਲਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਬਾਅਦ ਫੇਸਬੁੱਕ ’ਤੇ ਅਪਲੋਡ ਹੋਈ ਪੋਸਟ ਨੂੰ ਆਧਾਰ ਬਣਾ ਕੇ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ। ਪੁਲੀਸ ਵੱਲੋਂ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਮਲਾਵਰ ਕੌਣ ਸੀ ਅਤੇ ਕਿੰਨੇ ਵਿਅਕਤੀ ਇਸ ਘਟਨਾ ਵਿੱਚ ਸ਼ਾਮਲ ਸਨ।
ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹੋਏ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਆਪਣੇ ਸਿਰ ਲਈ ਹੈ। ਗੈਂਗਸਟਰ ਵੱਲੋਂ ਇਸ ਸਬੰਧੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਕਿਹਾ ਗਿਆ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ ਤਾਂ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਦਿਲਪ੍ਰੀਤ ਸਿੰਘ ਨਾਮ ਦਾ ਇਹ ਵਿਅਕਤੀ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ। ਉਹ ਰੋਪੜ ਦਾ ਰਹਿਣ ਵਾਲਾ ਹੈ ਅਤੇ ਉਸ ਤੇ ਕਤਲ, ਡਕੈਤੀਆਂ ਤੇ ਕੋਈ ਹੋਰ ਮਾਮਲੇ ਦਰਜ ਹਨ। ਦਿਲਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਦੀ ਜ਼ਿੰਮੇਵਾਰੀ ਲਏ ਜਾਣ ਤੋਂ ਬਾਅਦ ਪੁਲੀਸ ਵੱਲੋਂ ਉਸ ਨੂੰ ਇਸ ਮਾਮਲ ਵਿੱਚ ਸ਼ਾਮਲ ਕੀਤਾ ਜਾਣਾ ਲਗਭਗ ਤੈਅ ਹੈ। ਇਸ ਦੌਰਾਨ ਅੱਜ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਪਰਮੀਸ਼ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਵਾਰਦਾਤ ਦੀ ਜਾਣਕਾਰੀ ਹਾਸਲ ਕੀਤੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …