ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮਿਊਜ਼ੀਅਮ 23 ਮਾਰਚ 2018 ਤੱਕ ਮੁਕੰਮਲ ਹੋਵੇਗੀ: ਨਵਜੋਤ ਸਿੱਧੂੂ

ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਣ ਦਾ ਮੁੱਢਲਾ ਫਰਜ਼ ਨਹੀਂ ਨਿਭਾਅ ਸਕੀ ਪਿਛਲੀ ਬਾਦਲ ਸਰਕਾਰ

ਨਵਜੋਤ ਸਿੱਧੂ ਵੱਲੋਂ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਸਮੇਤ ਖਟਕੜ ਕਲਾਂ ਦਾ ਵਿਸ਼ੇਸ਼ ਦੌਰਾ

ਸ਼ਹੀਦ-ਏ-ਆਜ਼ਮ ਦੇ ਜੱਦੀ ਘਰ ਦਾ ਢਾਈ ਲੱਖ ਰੁਪਏ ਦਾ ਬਿਜਲੀ ਦਾ ਬਿੱਲ ਆਪਣੇ ਨਿੱਜੀ ਖਾਤੇ ’ਚੋਂ ਦਿੱਤਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਖਟਕੜ ਕਲਾਂ (ਨਵਾਂ ਸ਼ਹਿਰ), 2 ਅਕਤੂਬਰ:
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਅਤੇ ਮਿਊਜ਼ੀਅਮ ਦੇ ਉਸਾਰੀ ਕਾਰਜ ਦੇ ਪਿਛਲੇ ਅੱਠ ਸਾਲਾਂ ਤੋਂ ਲਟਕਣ ਦਾ ਗੰਭੀਰ ਨੋਟਿਸ ਲੈਂਦਿਆਂ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਉਚ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਾਜੈਕਟ ਦਾ ਨਿੱਜੀ ਤੌਰ ’ਤੇ ਜਾਇਜ਼ਾ ਲਿਆ। ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਸ. ਸਿੱਧੂ ਨੇ ਐਲਾਨ ਕੀਤਾ ਕਿ ਇਸ ਯਾਦਗਾਰ ਤੇ ਮਿਊਜ਼ੀਅਮ ਨੂੰ ਅਗਲੇ ਵਰ੍ਹੇ 23 ਮਾਰਚ 2018 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਤੱਕ ਹਰ ਹੀਲੇ ਮੁਕੰਮਲ ਕੀਤਾ ਜਾਵੇਗਾ ਜਿਸ ਲਈ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼, ਕੌਮ ਦਾ ਸਰਮਾਇਆ ਅਤੇ ਪ੍ਰੇਰਨਾ ਸ੍ਰੋਤ ਹੈ ਜਿਨ੍ਹਾਂ ਤੋਂ ਸਾਨੂੰ ਪ੍ਰੇਰਨ ਮਿਲਦੀ ਹੈ ਪਰ ਇਹ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਪਿਛਲੀ ਸਰਕਾਰ ਨੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਣ ਦਾ ਆਪਣਾ ਮੁੱਢ ਫਰਜ਼ ਵੀ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਯਾਦਗਾਰ ਤੇ ਮਿਊਜ਼ੀਅਮ ਦਾ ਕੰਮ 2009 ਵਿੱਚ ਪਿਛਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਜਿਸ ਨੂੰ ਮੁਕੰਮਲ ਕਰਨ ਦਾ ਸਮਾਂ 2011 ਵਿੱਚ ਮਿੱਥਿਆ ਗਿਆ ਸੀ ਪਰ ਮਿਆਦ ਤੋਂ ਛੇ ਸਾਲ ਗੁਜ਼ਰਨ ਦੇ ਬਾਅਦ ਵੀ ਇਹ ਪ੍ਰਾਜੈਕਟ ਨੇਪਰੇ ਨਹੀਂ ਚੜ੍ਹਿਆ। ਉਨ੍ਹਾਂ ਮੌਕੇ ’ਤੇ ਮੌਜੂਦ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਗੱਲ ਕਰ ਕੇ ਵਿਸ਼ਵਾਸ ਦਿਵਾਇਆ ਕਿ ਉਹ ਹੁਣ ਇਸ ਪ੍ਰਾਜੈਕਟ ਨੂੰ ਨਿੱਜੀ ਤੌਰ ’ਤੇ ਦੇਖਣਗੇ ਅਤੇ ਹਰ ਹੀਲੇ 23 ਮਾਰਚ 2018 ਤੱਕ ਮੁਕੰਮਲ ਕਰ ਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੇ ਫੰਡਾਂ ਦੀ ਘਾਟ ਨੂੰ ਅੜਿੱਕਾ ਨਹੀਂ ਬਣਨ ਦਿਆਂਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਨਾਲ ਜੁੜੀਆਂ ਇਤਿਹਾਸਕ ਥਾਵਾਂ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਮਕਸਦ ਨਾਲ ਉਨ੍ਹਾਂ ਦੇ ਵਿਭਾਗ ਵੱਲੋਂ ਸੈਰ ਸਪਾਟਾ ਨੀਤੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੂਰਿਸਟ ਸਰਕਟਾਂ ਤਹਿਤ ਸੂਬੇ ਭਰ ਵਿੱਚ ਸ਼ਹੀਦਾਂ ਨਾਲ ਸਬੰਧਤ ਥਾਵਾਂ ਨੂੰ ਜੋੜਿਆ ਜਾਵੇਗਾ ਜਿਸ ਨਾਲ ਸੂਬੇ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ। ਸ. ਸਿੱਧੂ ਨੇ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਕ ਸੰਸਥਾ ਸਰੂਪ ਹਨ ਜਿਨ੍ਹਾਂ ਦੇ ਜੀਵਨ ਤੋਂ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਮਿਲਦੀ ਰਹੇਗੀ। ਉਨ੍ਹਾਂ ਕਿਹਾ, ‘‘ਮੇਰੇ ਜੀਵਨ ਉਪਰ ਸ. ਭਗਤ ਸਿੰਘ ਦਾ ਬਹੁਤ ਅਸਰ ਹੈ ਅਤੇ ਮੈਂ ਬਚਪਨ ਤੋਂ ਹੀ ਸ਼ਹੀਦ-ਏ-ਆਜ਼ਮ ਦਾ ਪ੍ਰਭਾਵ ਕਬੂਲਦਾ ਹੈ। ਬਚਪਨ ਵਿੱਚ ਮੇਰੇ ਮਾਤਾ ਜੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਚਾਚਾ ਅਜੀਤ ਸਿੰਘ ਦੀਆਂ ਕਹਾਣੀਆਂ ਸੁਣਾ ਕੇ ਮੈਨੂੰ ਪ੍ਰੇਰਨਾ ਦਿੰਦੀ ਸੀ ਅਤੇ ਇਸੇ ਲਈ ਮੰਤਰੀ ਬਣਨ ਉਪਰੰਤ ਫਿਰੋਜ਼ਪੁਰ ਨੇੜੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਿਜਦਾ ਕਰ ਕੇ ਆਇਆ ਅਤੇ ਅੱਜ ਹੁਸੈਨੀਵਾਲਾ ਵਿਖੇ ਆਇਆ ਹੈ। ਮੈਂ ਪਹਿਲਾਂ ਜ਼ਿੰਦਗੀ ਵਿੱਚ ਕਈ ਵਾਰ ਇਥੇ ਆਇਆ ਹਾਂ ਅਤੇ ਅੱਜ ਬਤੌਰ ਮੰਤਰੀ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ, ਇਸ ਲਈ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।’’
ਮੀਡੀਆ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਦੇ ਬਿੱਲ ਦੀ ਬਾਕਾਇਆ ਰਾਸ਼ੀ ਨਾ ਤਾਰਨ ਦਾ ਸਵਾਲ ਪੁੱਛੇ ਜਾਣ ’ਤੇ ਕੈਬਨਿਟ ਮੰਤਰੀ ਸ. ਸਿੱਧੂ ਨੇ ਮੌਕੇ ’ਤੇ ਆਪਣੀ ਜੇਬ ਵਿੱਚੋਂ ਇਸ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਮੌਕੇ ’ਤੇ ਹੀ ਤੁਰੰਤ ਆਪਣੇ ਨਿੱਜੀ ਖਾਤੇ ਵਿੱਚੋਂ ਪੀ.ਐਸ.ਪੀ.ਸੀ.ਐਲ. ਦੇ ਨਾਂ ਢਾਈ ਲੱਖ ਰੁਪਏ ਦਾ ਚੈਕ ਕੱਟ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੂੰ ਸੌਂਪਿਆ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਖਟਕੜ ਕਲਾਂ ਲਈ ਵਿਸ਼ੇਸ਼ ਬੱਸਾਂ ਚਲਾਉਣ ਅਤੇ ਲੰਬੇ ਰੂਟ ਦੀਆਂ ਬੱਸਾਂ ਦੇ ਖਟਕੜ ਕਲਾਂ ਵਿਖੇ ਠਹਿਰਾਉ ਲਈ ਸਬੰਧਤ ਵਿਭਾਗ ਨਾਲ ਗੱਲ ਕਰਾਂਗਾ। ਉਨ੍ਹਾਂ ਕਿਹਾ ਕਿ ਨਵੀਂ ਬਣ ਰਹੀਂ ਯਾਦਗਾਰ ਤੇ ਮਿਊਜ਼ੀਅਮ ਲਈ ਸੰਪਰਕ ਸੜਕ, ਪਾਰਕ ਅਤੇ ਯਾਦਗਾਰ ਦੀ ਸਾਂਭ ਸੰਭਾਲ ਅਤੇ ਸਫਾਈ ਅਤੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਸਈ ਪੱਕਾ ਪ੍ਰਬੰਧ ਬਣਾਉਣਗੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਤੋਂ ਪਹਿਲਾਂ ਸ. ਸਿੱਧੂ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ- ਆਜ਼ਮ ਭਗਤ ਸਿੰਘ ਦੇ ਬੁੱਤ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ, ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਫੁੱਲ ਮਾਲਾਵਾਂ ਰੱਖ ਕੇ ਸਿਜਦਾ ਕੀਤਾ। ਪੁਰਾਣੇ ਮਿਊਜ਼ੀਅਮ ਅਤੇ ਨਵੇਂ ਬਣ ਰਹੇ ਮਿਊਜ਼ੀਅਮ ਤੇ ਯਾਦਗਾਰ ਦਾ ਦੌਰਾ ਕੀਤਾ। ਇਸ ਉਪਰੰਤ ਪਿੰਡ ਜਾ ਕੇ ਸ਼ਹੀਦੇ ਆਜ਼ਮ ਦੇ ਜੱਦੀ ਘਰ ਵਿਖੇ ਸ਼ਹੀਦੇ ਆਜ਼ਮ ਨਾਲ ਸਬੰਧਤ ਵਸਤਾਂ ਨੀਝ ਨਾਲ ਵੇਖੀਆਂ ਅਤੇ ਘਰ ਨਾਲ ਲੱਗਦੇ ਪਾਰਕ ਦਾ ਵੀ ਦੌਰਾ ਕੀਤਾ। ਯਾਦਗਾਰ ਤੇ ਮਿਊਜ਼ੀਅਮ ਵਿਖੇ ਵਿਜ਼ਟਰ ਬੁੱਕ ਵਿੱਚ ਆਪਣੇ ਵੱਲੋਂ ਸ਼ਬਦ ਲਿਖਦਿਆਂ ਸ. ਸਿੱਧੂ ਨੇ ਸ਼ਹੀਦ-ਏ-ਆਜ਼ਮ ਨੂੰ ਆਪਣਾ ਸਭ ਤੋਂ ਵੱਡਾ ਆਦਰਸ਼ ਤੇ ਪ੍ਰੇਰਨਾ ਸ੍ਰੋਤ ਦੱਸਦਿਆਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਕੀਤਾ। ਪੱਤਰਕਾਰਾਂ ਵੱਲੋਂ ਸ਼ਹਿਰਾਂ ਵਿੱਚ ਵਿਕਾਸ ਦੇ ਕੰਮਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਕਿ ਨਗਰ ਨਿਗਮਾਂ ਵਿੱਚ ਪ੍ਰਵਾਨਗੀ ਦੇਣ ਤੋਂ ਬਾਅਦ ਹੁਣ ਰਾਜ ਦੀਆਂ ਨਗਰ ਕੌਂਸਲਾਂ ਦੇ ਸੋਧੇ ਅਨੁਮਾਨ ਤਿਆਰ ਕਰਕੇ, ਜਲਦ ਗਰਾਂਟ ਜਾਰੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਐਸ.ਡੀ.ਐਮ. ਦਫ਼ਤਰ ਬੰਗਾ ਵਿਖੇ ਪੁੱਜਣ ’ਤੇ ਜ਼ਿਲ੍ਹਾ ਪੁਲੀਸ ਦੀ ਟੁਕੜੀ ਵੱਲੋਂ ਕੈਬਿਨਟ ਮੰਤਰੀ ਸ. ਸਿੱਧੂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਬਾਅਦ ਵਿੱਚ ਇੱਥੇ ਹੀ ਸ. ਸਿੱਧੂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਤਸਵੀਰ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ. ਪ੍ਰਗਟ ਸਿੰਘ, ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਾਇਰੈਕਟਰ ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ, ਏ.ਡੀ.ਸੀ. (ਜ) ਰਣਜੀਤ ਕੌਰ, ਐਸ.ਪੀ. ਜਸਵੀਰ ਸਿੰਘ ਰਾਏ, ਐਸ.ਡੀ.ਐਮ. ਬੰਗਾ ਹਰਚਰਨ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…