nabaz-e-punjab.com

ਖੁੰਭਾਂ ਦੀ ਖੇਤੀ ਕਿਸਾਨਾਂ ਲਈ ਬੇਹੱਦ ਲਾਹੇਵੰਦ: ਹਰਦੀਪ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਦੀਆਂ ਰਿਵਾਇਤੀ ਫ਼ਸਲਾਂ ਕਣਕ ਅਤੇ ਝੋਨਾ ਹੁਣ ਲਾਹੇਵੰਦ ਨਹੀਂ ਰਹੀਆਂ ਕਿਉਂਕਿ ਇਨ੍ਹਾਂ ਫਸਲਾਂ ਤੇ ਖਰਚਾ ਵੱਧ ਅਤੇ ਮੁਨਾਫਾ ਘੱਟ ਹੁੰਦਾ ਹੈ ਅਤੇ ਪਾਣੀ ਦੀ ਵਰਤੋਂ ਵੀ ਵਧੇਰੇ ਹੁੰਦੀ ਹੈ। ਕਿਸਾਨਾਂ ਨੂੰ ਹੁਣ ਆਪਣੀਆਂ ਰਿਵਾਇਤੀ ਫ਼ਸਲਾਂ ਛੱਡ ਕੇ ਫ਼ਸਲੀ ਵਿਭੰਨਤਾ ਤਹਿਤ ਸ਼ਬਜੀਆਂ, ਫਲ, ਫੁੱਲ ਅਤੇ ਲਾਹੇਵੰਦ ਬਦਲਵੀਆਂ ਫ਼ਸਲਾਂ ਦੀ ਕਾਸਤ ਕਰਨੀ ਪਵੇਗੀ। ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਵੇਗਾ। ਫਸਲੀ ਵਿਭੰਨਤਾ ਅਪਣਾਉਣ ਵਾਲੇ ਡੇਰਾਬਸੀ ਤਹਿਸੀਲ ’ਚ ਪੈਂਦੇ ਪਿੰਡ ਅੰਬਛਪਾ ਦੇ ਕਿਸਾਨ ਹਰਦੀਪ ਸਿੰਘ ਨੇ ਖੁੰਭਾਂ ਦੀ ਕਾਸਤ ਕਰਕੇ ਇਸ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਂ ਸ੍ਰੋਤ ਬਣ ਗਏ ਹਨ।
ਹਰਦੀਪ ਸਿੰਘ ਦਾ ਪਿਤਾ ਭਾਵੇਂ ਰਿਵਾਇਤੀ ਫ਼ਸਲਾਂ ਦੀ ਹੀ ਕਾਸਤ ਕਰਦਾ ਸੀ ਪ੍ਰੰਤੂ ਇਸ ਨੌਜਵਾਨ ਕਿਸਾਨ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਦੀ ਪ੍ਰੇਰਨਾਂ ਸਦਕਾ ਖੁੰਭਾਂ ਦੀ ਕਾਸਤ ਕਰਨ ਨੂੰ ਤਰਜੀਹ ਦਿੱਤੀ ਜਿਸ ਨਾਲ ਇਸ ਪਰਿਵਾਰ ਦੀ ਖੇਤੀ ਵਿੱਚ ਪਹਿਲਾਂ ਨਾਲੋਂ ਆਮਦਨ ਵਿੱਚ ਅਥਾਹ ਵਾਧਾ ਹੋਇਆ ਅਤੇ ਖੁੰਭਾਂ ਦੀ ਕਾਸਤ ਕਰਨ ਦੇ ਸ਼ੌਕੀਨ ਹਰਦੀਪ ਸਿੰਘ ਨੇ ਬਾਗਬਾਨੀ ਵਿਭਾਗ ਵੱਲੋਂ ਵੱਖ-ਵੱਖ ਸਮੇਂ ਤੇ ਖੇਤੀ ਵਿਭੰਨਤਾ ਲਈ ਲਗਾਏ ਜਾਂਦੇ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਖੁੰਭਾਂ ਦੀ ਕਾਸਤ ਕਰਨ ਲਈ ਤਕਨੀਕੀ ਜਾਣਕਾਰੀ ਹਾਸਿਲ ਕੀਤੀ। ਉਸ ਵੱਲੋਂ ਸਪਾਨ ਪ੍ਰੋਡੈਕਸ਼ਨ, ਟੈਕਨੋਲੋਜੀ ਦੀ ਟੇ੍ਰਨਿੰਗ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੈਂਟਰ ਕੰਡਾਂਘਾਟ, ਸੋਲਨ (ਹਿਮਾਚਲ) ਤੋਂ ਪ੍ਰਾਪਤ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਖੁੰਭਾਂ ਦੀ ਮਿਆਰੀ ਖੇਤੀ ਕਰਨ ਲਈ ਨੀਦਰਲੈਂਡ ਵਿਖੇ ਵਿਸ਼ਵ ਕਾਨਫਰੰਸ ਵਿੱਚ ਵੀ ਹਿੱਸਾ ਲਿਆ। ਨੌਜਵਾਨ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਸਨੇ 2002 ਵਿੱਚ ਖੁੰਭਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਜਿਸ ਲਈ ਉਹ ਲੰਬੀ ਵਿਧੀ ਦੁਆਰਾ ਕੰਪੋਸਟ ਖਾਦ ਤਿਆਰ ਕਰਦਾ ਸੀ ਅਤੇ 2005 ਵਿੱਚ ਛੋਟੀ ਵਿਧੀ ਦੁਆਰਾ ਕੰਪੋਸਟ ਖਾਦ ਤਿਆਰ ਕਰਨੀ ਸ਼ੁਰੂ ਕੀਤੀ। ਜਿਸ ਨਾਲ ਖੁੰਭਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ। ਸਾਲ 2010-11 ਵਿੱਚ ਬਾਗਬਾਨੀ ਵਿਭਾਗ ਦੇ ਮਾਰਗ ਵਿੱਚ ਵੱਡਾ ਚੈਂਬਰ ਬਣਾਇਆ।
ਜਿਸ ਲਈ ਸਬਸਿਡੀ ਤੇ ਮਿਲਣ ਵਾਲਾ ਕਰਜਾ ਵੀ ਲਿਆ। ਵੱਡੇ ਚੈਂਬਰ ਵਿੱਚ 300 ਬੈਗ 30 ਟਨ ਕੰਪੋਸਟ ਖਾਦ ਤਿਆਰ ਕਰਨ ਦੀ ਸਮਰੱਥਾ ਸੀ। ਇਸ ਤੋਂ ਇਲਾਵਾ ਬੰਕਰ ਵੀ ਬਣਾਏ ਗਏ ਜਿਸ ਨਾਲ ਹੋਰ ਵੀ ਵਧੀਆ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਹੁਣ ਇਹ ਤਿਆਰ ਕੰਪੋਸਟ ਖਾਦ ਨੂੰ ਆਪਣੇ ਨੇੜੇ ਦੇ ਕਿਸਾਨ ਵੀਰਾਂ ਨੂੰ ਵੀ ਮੁਹੱਈਆ ਕਰਾਉਦਾ ਹੈ। ਜਿਸ ਨਾਲ ਕਿਸਾਨ ਵੀਰ ਵਧੀਆ ਖੁੰਭਾਂ ਪੈਦਾ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਏਕੜ ਵਿੱਚ ਕਰੀਬ 800 ਤੋਂ 900 ਕੁਇੰਟਲ ਪ੍ਰਤੀ ਸਾਲ ਖੁੰਭਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ 30000 ਬੈਗ ਕੰਪੋਸਟ ਖਾਦ ਦੇ ਵੇਚੇ ਜਾਦੇ ਹਨ। ਉਨ੍ਹਾਂ ਦੱਸਿਆ ਕਿ ਅਕਤੂਬਰ ਤੋਂ ਮਾਰਚ ਤੱਕ ਖੁੰਭਾਂ ਦੀ ਫਸਲ ਲਈ ਮੌਸਮ ਵਧੀਆ ਹੁੰਦਾ ਹੈ ਜਿਸ ਨਾਲ ਉਤਪਾਦਨ ਵੀ ਵੱਧ ਹੁੰਦਾ ਹੈ ਪ੍ਰੰਤੂ ਗਰਮੀ ਦੇ ਮੌਸਮ ਵਿੱਚ ਖੁੰਭਾਂ ਦੀ ਫਸਲ ਲਈ ਕੰਟਰੋਲ ਯੁਨੀਟ ਲਗਾਉਣਾ ਪੈਂਦਾ ਹੈ ਜਿਸ ਨਾਲ ਫਸਲ ਦੇ ਮਿਆਰੀ ਹੋਣ ਦੇ ਨਾਲ ਨਾਲ ਉਤਪਾਦਨ ਵਿੱਚ ਵੀ ਕਮੀ ਨਹੀਂ ਆਉਦੀ।
ਅਗਾਹਵਧੂ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਇੱਕ ਏਕੜ ਵਿੱਚੋਂ ਖੁੰਭਾਂ ਦੀ ਕਾਸਤ ਕਰਕੇ 04 ਲੱਖ ਤੋਂ 06 ਲੱਖ ਰੁਪਏ ਸਲਾਨਾ ਕਮਾਈ ਕਰਦਾ ਹੈ ਅਤੇ ਉਸ ਵੱਲੋਂ 20 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੁਜਗਾਰ ਵੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੁੰਭਾਂ ਦੀ ਫਸਲ ਲਈ ਉਸਨੂੰ ਕਦੇ ਵੀ ਮੰਡੀਕਰਨ ਦੀ ਸਮੱਸਿਆ ਨਹੀਂ ਆਈ। ਉਹ ਕਿਸਾਨ ਮੰਡੀ ਵਿੱਚ ਜਾ ਕੇ ਖੁਦ ਆਪਣੀ ਫਸਲ ਨੂੰ ਵੇਚਦਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਅਗਾਂਹਵਧੂ ਕਿਸਾਨ ਹਰਦੀਪ ਸਿੰਘ ਨੇ 19 ਫਰਵਰੀ 2014 ਨੂੰ ਚੱਪੜਚਿੜੀ ਵਿਖੇ ਹੋਏ ਐਗਰੀ ਸਮਿੱਟ ਵਿੱਚ ਕਿਸਾਨ ਐਵਾਰਡ ਵੀ ਹਾਸਿਲ ਕਰ ਚੁੱਕੇ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…